ਕੈਲਗਰੀ : ਪਿਛਲੇ ਵਰ੍ਹੇ 4000 ਦੇ ਕਰੀਬ ਚਾਈਲਡ ਪੋਰਨ ਨਾਲ ਸਬੰਧਿਤ ਤਸਵੀਰਾਂ ਆਪਣੇ ਕੋਲ ਰੱਖਣ ਦੇ ਮਾਮਲੇ 'ਚ ਕਾਬੂ ਕੀਤੇ ਗਏ ਕੈਲਗਰੀ ਪੁਲਿਸ ਦੇ ਇਕ ਸਾਬਕਾ ਅਧਿਕਾਰੀ ਨੂੰ 8 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਵਰ੍ਹੇ ਟੌਮਸ ਬਟਲ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਉੁਸ ਨੇ ਚਾਰਜ ਕੀਤੇ ਜਾਣ ਮਗਰੋਂ ਕੈਲਗਰੀ ਪੁਲਿਸ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਉਸ ਸਮੇਂ ਤਕ ਉਹ ਪੁਲਿਸ ਵਿਚ 4 ਸਾਲ ਤਕ ਨੌਕਰੀ ਕਰ ਚੁੱਕਾ ਸੀ। ਟੌਮਸ ਬਟਲ ਵਿਰੁੱਧ ਪਿਛਲੇ ਸਾਲ ਜਨਵਰੀ ਵਿਚ ਉਸ ਵੇਲੇ ਜਾਂਚ ਸ਼ੁਰੂ ਕੀਤੀ ਗਈ ਸੀ ਜਦੋਂ ਯੂਐੱਸ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ ਨੂੰ ਇਹ ਸੂਚਨਾ ਮਿਲੀ ਸੀ ਕਿ ਐਲਬਰਟਾ ਵਿਚ ਕਿਸੇ ਵਿਅਕਤੀ ਨੇ ਚਾਈਲਡ ਪੋਰਨ ਨਾਲ ਸਬੰਧਿਤ ਸੱਤ ਤਸਵੀਰਾਂ ਡਾਊਨਲੋਡ ਕੀਤੀਆਂ ਸਨ। ਜਾਂਚ ਦੌਰਾਨ ਆਈ ਪੀ ਐਡਰੈੱਸ ਟੌਮਸ ਬਟਲ ਦਾ ਮਿਲਿਆ।

ਉੁਸ ਕੋਲ ਚਾਰ ਇਲੈਕਟ੍ਰਾਨਿਕ ਡਿਵਾਈਸਿਜ਼ ਸਨ ਜਿਹਨਾਂ ਵਿਚ 4000 ਤੋਂ ਜ਼ਿਆਦਾ ਤਸਵੀਰਾਂ ਸਨ ਜਿਹੜੀਆਂ ਸਾਰੀਆਂ ਹੀ ਚਾਈਲਡ ਪੋਰਨ ਨਾਲ ਸਬੰਧਿਤ ਸਨ। ਲੰਘੇ ਕੱਲ੍ਹ ਤਕ ਉਹ ਜ਼ਮਾਨਤ 'ਤੇ ਚੱਲ ਰਿਹਾ ਸੀ ਪਰ ਸਜ਼ਾ ਸੁੁਣਾਏ ਜਾਣ ਮਗਰੋਂ ਉਸ ਨੂੰ ਕੈਦ 'ਚ ਭੇਜ ਦਿੱਤਾ ਗਿਆ ਹੈ।