ਬਗਦਾਦ (ਏਪੀ) : ਇਰਾਕ ਦੀ ਰਾਜਧਾਨੀ ਬਗਦਾਦ 'ਚ ਹਿੰਸਕ ਮੁਜ਼ਾਹਰਿਆਂ ਦਾ ਸਿਲਸਿਲਾ ਕੁਝ ਰੁਕਿਆ ਹੈ। ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਕਈ ਜਗ੍ਹਾ ਝੜਪਾਂ ਹੋਈਆਂ। ਸ਼ਨਿਚਰਵਾਰ-ਐਤਵਾਰ ਦੀ ਰਾਤ ਟਕਰਾਅ 'ਚ ਘੱਟੋ ਘੱਟ 19 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸੁਰੱਖਿਆ ਬਲਾਂ ਨੂੰ ਹਿੰਸਕ ਮੁਜ਼ਾਹਰਾਕਾਰੀਆਂ 'ਤੇ ਕਾਬੂ ਪਾਉਣ ਲਈ ਗੋਲ਼ੀਆਂ ਚਲਾਉਣੀਆਂ ਪਈਆਂ।

ਐਤਵਾਰ ਦੀ ਸਵੇਰ ਵਿਦਿਆਰਥੀ ਸਕੂਲ ਪਹੁੰਚੇ ਤੇ ਸਰਕਾਰੀ ਮੁਲਾਜ਼ਮਾਂ ਨੇ ਆਪੋ ਆਪਣੇ ਦਫ਼ਤਰਾਂ 'ਚ ਹਾਜ਼ਰੀ ਲਗਵਾਈ। ਇਹ ਹਾਲਾਤ ਹੌਲੀ-ਹੌਲੀ ਸਾਧਾਰਨ ਹੋਣ ਦਾ ਸੰਕੇਤ ਹੈ, ਪਰ ਰਾਜਧਾਨੀ ਦੀਆਂ ਸੜਕਾਂ 'ਚ ਆਮ ਤੌਰ 'ਤੇ ਸੰਨਾਟਾ ਰਿਹਾ। ਬਹੁਤ ਘੱਟ ਲੋਕ ਆਵਾਜਾਈ ਕਰਦੇ ਨਜ਼ਰ ਆਏ। ਜਗ੍ਹਾ-ਜਗ੍ਹਾ ਸੜੇ ਹੋਏ ਟਾਇਰ ਨਜ਼ਰ ਆ ਰਹੇ ਹਨ। ਹਾਲਾਤ 'ਤੇ ਕਾਬੂ ਰੱਖਣ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਹਥਿਆਰਬੰਦ ਵਾਹਨਾਂ ਨਾਲ ਤਹਿਰੀਰ ਚੌਕ ਦਾ ਰਸਤਾ ਬਲਾਕ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁਜ਼ਾਹਰਾਕਾਰੀ ਤਹਿਰੀਰ ਚੌਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਕਰੀਬ ਚਾਰ ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਗਿਆ। ਇਰਾਕ 'ਚ ਮੰਗਲਵਾਰ ਤੋਂ ਹਿੰਸਾ ਦਾ ਦੌਰ ਜਾਰੀ ਹੈ। ਹੁਣ ਤਕ 84 ਮੁਜ਼ਾਹਰਾਕਾਰੀਆਂ ਦੀ ਜਾਨ ਜਾ ਚੁੱਕੀ ਹੈ। ਲੋਕ ਦੇਸ਼ ਦੀ ਖ਼ਰਾਬ ਆਰਥਿਕ ਹਾਲਤ ਤੋਂ ਨਾਰਾਜ਼ ਹਨ। ਉਹ ਭਿ੍ਸ਼ਟਾਚਾਰ ਦੀ ਸਮਾਪਤੀ ਚਾਹੁੰਦੇ ਹਨ ਤੇ ਆਪਣੇ ਲਈ ਨੌਕਰੀਆਂ ਦੇ ਮੌਕੇ ਮੰਗ ਰਹੇ ਹਨ। ਮੁਜ਼ਾਹਰਾਕਾਰੀਆਂ ਦਾ ਦੋਸ਼ ਹੈ ਕਿ ਭਿ੍ਸ਼ਟਾਚਾਰ ਤੇ ਕੁਸ਼ਾਸਨ ਕਾਰਨ ਉਨ੍ਹਾਂ ਲਈ ਸਰਕਾਰੀ ਸਹੂਲਤਾਂ ਹਾਸਲ ਕਰ ਸਕਣਾ ਮੁਸ਼ਕਲ ਹੋ ਗਿਆ ਹੈ।