ਸਿਓਲ (ਏਪੀ) : ਉੱਤਰੀ ਕੋਰੀਆ ਤੇ ਅਮਰੀਕਾ ਦਰਮਿਆਨ ਤਣਾਅ ਮੁੜ ਤੋਂ ਗਹਿਰਾ ਹੋ ਰਿਹਾ ਹੈ। ਅਮਰੀਕਾ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਕੁਝ ਮੈਂਬਰਾਂ ਨੂੰ ਆਪਣੇ ਖ਼ਿਲਾਫ਼ ਭੜਕਾਉਣ ਦਾ ਦੋਸ਼ ਲਗਾਉਂਦੇ ਹੋਏ ਉੱਤਰੀ ਕੋਰੀਆ ਨੇ ਵੀਰਵਾਰ ਨੂੰ ਪਰਮਾਣੂ ਹਥਿਆਰਾਂ ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਪਰਖ ਮੁੜ ਤੋਂ ਸ਼ੁਰੂ ਕਰਨ ਦੀ ਧਮਕੀ ਦਿੱਤੀ।

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹ ਧਮਕੀ ਇਕ ਅਜਿਹੇ ਸਮੇਂ ਆਈ ਹੈ ਜਦੋਂ ਸਵੀਡਨ 'ਚ ਅਮਰੀਕਾ ਨਾਲ ਉਸ ਦੀ ਗੱਲਬਾਤ 'ਚ ਇਸ ਹਫ਼ਤੇ ਰੇੜਕਾ ਪੈਦਾ ਹੋ ਗਿਆ ਹੈ। ਸੱਤ ਮਹੀਨਿਆਂ 'ਚ ਦੋਵਾਂ ਦੇਸ਼ਾਂ ਵਿਚਕਾਰ ਇਹ ਪਹਿਲੀ ਗੱਲਬਾਤ ਹੋ ਰਹੀ ਸੀ। ਉੱਤਰੀ ਕੋਰੀਆ ਨੇ ਕਿਹਾ ਹੈ ਕਿ ਗੱਲਬਾਤ ਇਸ ਲਈ ਨਾਕਾਮ ਹੋ ਗਈ ਕਿਉਂਕਿ ਅਮਰੀਕਾ ਵੱਲੋਂ ਕੋਈ ਨਵਾਂ ਪ੍ਰਸਤਾਵ ਨਹੀਂ ਦਿੱਤਾ ਗਿਆ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, ਸਾਡੇ ਹੌਸਲੇ ਦੀ ਇਕ ਹੱਦ ਹੈ। ਯੂਰਪ ਦੇ ਦੇਸ਼ਾਂ ਦਾ ਜਿਹੋ ਜਿਹਾ ਰੁਖ਼ ਹੈ ਉਸ ਨੂੰ ਵੇਖਦੇ ਹੋਏ ਅਸੀਂ ਅਮਰੀਕਾ ਨਾਲ ਵਿਸ਼ਵਾਸ ਬਹਾਲੀ ਦੇ ਆਪਣੇ ਕਦਮਾਂ ਤਹਿਤ ਹਥਿਆਰਬੰਦੀ ਦੇ ਵਾਅਦੇ 'ਤੇ ਮੁੜ ਤੋਂ ਵਿਚਾਰ ਕਰ ਰਹੇ ਹਾਂ।

ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੀ ਧਮਕੀ ਅਮਰੀਕਾ 'ਤੇ ਦਬਾਅ ਪਾਉਣ ਦੀ ਰਣਨੀਤੀ ਹੈ ਤਾਂਕਿ ਵਾਸ਼ਿੰਗਟਨ ਨੂੰ ਕੁਝ ਰਿਆਇਤਾਂ ਲਈ ਮਜਬੂਰ ਕੀਤਾ ਜਾ ਸਕੇ। ਉੱਤਰੀ ਕੋਰੀਆ ਨੂੰ ਬੀਤੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਯੂਰਪੀ ਮੈਂਬਰਾਂ ਵੱਲੋਂ ਆਪਣੇ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੀ ਨਿੰਦਾ ਰਾਸ ਨਹੀਂ ਆਈ। ਉੱਤਰੀ ਕੋਰੀਆ ਨੇ ਇਸ ਮਿਜ਼ਾਈਲ ਦੇ ਨਾਲ ਹੀ ਕੁਝ ਹੋਰ ਹਥਿਆਰਾਂ ਦੀ ਪਰਖ ਵੀ ਹਾਲੀਆ ਦੇ ਸਮੇਂ 'ਚ ਕੀਤੀ ਹੈ, ਜਿਸ 'ਚ ਪਹਿਲਾ ਅੰਡਰ ਵਾਟਰ ਮਿਜ਼ਾਈਲ ਟੈਸਟ ਵੀ ਸ਼ਾਮਲ ਹੈ। ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਇਹ ਤਜਰਬੇ ਆਤਮ ਰੱਖਿਆ ਦੀ ਸ਼ਕਤੀ ਹਾਸਲ ਕਰਨ ਲਈ ਕੀਤੇ ਹਨ। ਉੱਤਰੀ ਕੋਰੀਆ ਦਾ ਦੋਸ਼ ਹੈ ਕਿ ਯੂਰਪੀ ਦੇਸ਼ਾਂ ਨੇ ਜਿਸ ਤਰ੍ਹਾਂ ਉਸ ਦੇ ਪ੍ਰੀਖਣਾਂ ਦੀ ਨਿੰਦਾ ਕੀਤੀ ਹੈ ਉਸ ਪਿੱਛੇ ਅਮਰੀਕਾ ਹੈ। ਯੂਰਪੀ ਦੇਸ਼ਾਂ ਨੇ ਉੱਤਰੀ ਕੋਰੀਆ ਦੇ ਪ੍ਰੀਖਣਾਂ ਦੀ ਨਿੰਦਾ ਕਰਦਿਆਂ ਇਹ ਅਪੀਲ ਵੀ ਕੀਤੀ ਸੀ ਕਿ ਪਿਓਂਗਯਾਂਗ ਨੂੰ ਆਪਣੇ ਸਾਰੇ ਤਬਾਹਕੁੰਨ ਹਥਿਆਰ ਨਸ਼ਟ ਕਰ ਦੇਣੇ ਚਾਹੀਦੇ ਹਨ ਤੇ ਅਮਰੀਕਾ ਨਾਲ ਸਾਰਥਕ ਗੱਲਬਾਤ 'ਚ ਸ਼ਾਮਲ ਹੋਣਾ ਚਾਹੀਦਾ ਹੈ। ਸੁਰੱਖਿਆ ਕੌਂਸਲ ਦੀ ਬੈਠਕ ਫਰਾਂਸ, ਜਰਮਨੀ ਤੇ ਬਰਤਾਨੀਆ ਵੱਲੋਂ ਬੁਲਾਈ ਗਈ ਸੀ।