ਸਿਡਨੀ (ਏਐੱਫਪੀ) : ਉੱਤਰੀ ਕੋਰੀਆ 'ਚ ਹਿਰਾਸਤ ਵਿਚ ਲਏ ਗਏ ਆਸਟ੍ਰੇਲੀਆ ਦੇ ਵਿਦਿਆਰਥੀ ਐਲੇਕ ਸਿਗਲੇ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉੱਤਰੀ ਕੋਰੀਆ ਵਿਚ ਰਹਿ ਕੇ ਪੜ੍ਹਾਈ ਕਰਨ ਵਾਲੇ ਸਿਗਲੇ (29) 23 ਜੂਨ ਤੋਂ ਲਾਪਤਾ ਸੀ। ਰਿਹਾਈ ਪਿੱਛੋਂ ਸਿਗਲੇ ਨੂੰ ਵੀਰਵਾਰ ਨੂੰ ਬੀਜਿੰਗ ਹਵਾਈ ਅੱਡੇ 'ਤੇ ਦੇਖਿਆ ਗਿਆ। ਉਹ ਤਾਨਾਸ਼ਾਹੀ ਸ਼ਾਸਨ ਅਧੀਨ ਉੱਤਰੀ ਕੋਰੀਆ ਵਿਚ ਰੋਜ਼ਮਰਾ ਦੀ ਜ਼ਿੰਦਗੀ ਬਾਰੇ ਅਕਸਰ ਬਲਾਗ ਲਿਖਦਾ ਸੀ। ਲਾਪਤਾ ਹੋਣ ਪਿੱਛੋਂ ਸ਼ੰਕਾ ਪ੍ਰਗਟਾਈ ਜਾ ਰਹੀ ਸੀ ਕਿ ਕਿਤੇ ਸਿਗਲੇ ਦਾ ਹਸ਼ਰ ਵੀ ਹੋਰ ਵਿਦੇਸ਼ੀ ਵਿਦਿਆਰਥੀਆਂ ਦੀ ਤਰ੍ਹਾਂ ਤਾਂ ਨਹੀਂ ਹੋ ਗਿਆ। ਸਾਲ 2016 ਵਿਚ ਉੱਤਰੀ ਕੋਰੀਆ ਘੁੰਮਣ ਗਏ ਅਮਰੀਕੀ ਵਿਦਿਆਰਥੀ ਓਟੋ ਵਾਰਮਵੀਅਰ ਨੂੰ ਉੱਥੇ ਹਿਰਾਸਤ ਵਿਚ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਸੀ ਕਿ ਬਾਅਦ ਵਿਚ ਉਸ ਦੀ ਮੌਤ ਹੋ ਗਈ ਸੀ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀਰਵਾਰ ਨੂੰ ਇਥੇ ਕਿਹਾ ਕਿ ਸਿਗਲੇ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਹੁਣ ਸੁਰੱਖਿਅਤ ਹੈ। ਮੌਰੀਸਨ ਨੇ ਇਸ ਲਈ ਸਵੀਡਨ ਸਰਕਾਰ ਦਾ ਧੰਨਵਾਦ ਕੀਤਾ। ਉੱਤਰੀ ਕੋਰੀਆ ਵਿਚ ਆਸਟ੍ਰੇਲੀਆਈ ਡਿਪਲੋਮੈਟ ਨਾ ਹੋਣ ਕਾਰਨ ਸਵੀਡਨ ਦੇ ਵਿਸ਼ੇਸ਼ ਦੂਤ ਨੇ ਸਿਗਲੇ ਦੀ ਰਿਹਾਈ ਲਈ ਉੱਤਰੀ ਕੋਰੀਆ ਦਾ ਦੌਰਾ ਕੀਤਾ ਸੀ। ਮੌਰੀਸਨ ਨੇ ਇਸ ਨੂੰ ਪਰਦੇ ਦੇ ਪਿੱਛੇ ਦੀ ਕੂਟਨੀਤਕ ਜਿੱਤ ਦੱਸਿਆ।