ਕਾਠਮੰਡੂ (ਪੀਟੀਆਈ) : ਕਾਮੀ ਰੀਤਾ ਸ਼ੇਰਪਾ ਨੇ ਇਕ ਹਫ਼ਤੇ ਅੰਦਰ ਦੂਜੀ ਵਾਰੀ ਮਾਊਂਟ ਐਵਰੈਸਟ ਦੀ ਸਫਲ ਚੜ੍ਹਾਈ ਕੀਤੀ ਹੈ। ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ (8,848 ਮੀਟਰ) ਦੀ ਰਿਕਾਰਡ 24ਵੀਂ ਵਾਰੀ ਚੜ੍ਹਾਈ ਕਰ ਕੇ ਆਪਣਾ ਹੀ ਰਿਕਾਰਡ ਤੋੜਿਆ। ਐਵਰੈਸਟ ਦੇ ਸਿਖਰ 'ਤੇ ਸਭ ਤੋਂ ਜ਼ਿਆਦਾ ਵਾਰੀ ਪਹੁੰਚਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਨੇ ਇਸ ਵਾਰੀ ਭਾਰਤੀ ਪੁਲਿਸ ਟੀਮ ਨੂੰ ਐਵਰੈਸਟ ਤਕ ਪਹੁੰਚਣ 'ਚ ਗਾਈਡ ਦਾ ਕੰਮ ਕੀਤਾ। ਉਹ 15 ਮਈ ਨੂੰ ਇਸ ਚੋਟੀ 'ਤੇ 23ਵੀਂ ਵਾਰੀ ਪਹੁੰਚੇ ਸਨ।

ਪਰਵਤਾਰੋਹਣ ਕੰਪਨੀ ਸੈਵਨ ਸਮਿਟ ਟ੍ਰੈਕਸ ਦੇ ਚੇਅਰਮੈਨ ਮਿੰਗਮਾ ਸ਼ੇਰਪਾ ਨੇ ਕਿਹਾ, 'ਕਾਮੀ ਰੀਤਾ ਮੰਗਲਵਾਰ ਸਵੇਰੇ 6.38 ਵਜੇ ਨੇਪਾਲ ਵੱਲੋਂ ਐਵਰੈਸਟ 'ਤੇ ਪਹੁੰਚੇ। ਉਹ ਭਾਰਤੀ ਪੁਲਿਸ ਟੀਮ ਨੂੰ ਗਾਈਡ ਕਰ ਰਹੇ ਸਨ।' ਨੇਪਾਲੀ ਸ਼ੇਰਪਾ ਵਿਦੇਸ਼ੀ ਪਰਵਤਾਰੋਹੀਆਂ ਲਈ ਗਾਈਡ ਦਾ ਕੰਮ ਕਰਦੇ ਹਨ। ਉਹ ਉਨ੍ਹਾਂ ਲਈ ਐਵਰੈਸਟ 'ਤੇ ਚੜ੍ਹਨ ਦਾ ਰਸਤਾ ਤਿਆਰ ਕਰਦੇ ਹਨ। 14 ਮਈ ਤੋਂ ਸ਼ੁਰੂ ਹੋਏ ਇਸ ਸੀਜ਼ਨ 'ਚ ਦੁਨੀਆ ਭਰ ਦੇ ਕਰੀਬ ਇਕ ਹਜ਼ਾਰ ਪਰਵਤਾਰੋਹੀ ਐਵਰੈਸਟ ਦੀ ਚੋਟੀ ਫ਼ਤਹਿ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

25 ਵਾਰੀ ਕਰਨਾ ਚਾਹੁੰਦੇ ਹਨ ਚੜ੍ਹਾਈ

ਮਿੰਗਮਾ ਨੇ ਕਿਹਾ ਕਿ ਕਾਮੀ 25 ਵਾਰੀ ਮਾਊਂਟ ਐਵਰੈਸਟ ਦੀ ਚੜ੍ਹਾਈ ਕਰਨਾ ਚਾਹੁੰਦੇ ਹਨ। ਉਹ 1994 'ਚ ਪਹਿਲੀ ਵਾਰੀ ਐਵਰੈਸਟ 'ਤੇ ਚੜ੍ਹੇ ਸਨ। 1995 'ਚ ਪਹਾੜ ਖਿਸਕਣ ਅਤੇ ਖ਼ਰਾਬ ਮੌਸਮ ਕਾਰਨ ਉਨ੍ਹਾਂ ਦੀ ਮੁਹਿੰਮ ਪੂਰੀ ਨਹੀਂ ਹੋ ਸਕੀ ਸੀ ਪਰ ਉਸ ਦੇ ਬਾਅਦ ਤੋਂ ਐਵਰੈਸਟ 'ਤੇ ਚੜ੍ਹਨ ਦਾ ਉਨ੍ਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਦੂਜੀ ਉੱਚੀਆਂ ਚੋਟੀਆਂ ਵੀ ਕਰ ਚੁੱਕੇ ਹਨ ਫ਼ਤਹਿ

ਕਾਮੀ 8,000 ਮੀਟਰ ਤੋਂ ਉੱਚੀਆਂ ਦੁਨੀਆ ਦੀਆਂ ਕਈ ਦੂਜੀਆਂ ਚੋਟੀਆਂ ਵੀ ਫ਼ਤਹਿ ਕਰ ਚੁੱਕੇ ਹਨ। ਇਨ੍ਹਾਂ 'ਚ ਕੇ-2, ਅੰਨਾਪੂਰਣਾ, ਹੋਸਤੇ ਅਤੇ ਚੋ-ਓਯੂ ਸ਼ਾਮਲ ਹਨ।

ਹੁਣ ਤਕ 4,400 ਲੋਕ ਕਰ ਚੁੱਕੇ ਹਨ ਐਵਰੈਸਟ ਫ਼ਤਹਿ ਨੇਪਾਲ ਦੇ ਸੈਰ-ਸਪਾਟਾ ਵਿਭਾਗ ਮੁਤਾਬਕ, 1953 'ਚ ਐਡਮੰਡ ਹਿਲੇਰੀ ਅਤੇ ਸ਼ੇਰਪਾ ਤੇਨਜ਼ਿੰਗ ਨੋਰਗੇ ਨੇ ਪਹਿਲੀ ਵਾਰੀ ਐਵਰੈਸਟ ਫ਼ਤਹਿ ਕੀਤਾ ਸੀ। ਤਦ ਤੋਂ 4,400 ਤੋਂ ਜ਼ਿਆਦਾ ਪਰਵਤਾਰੋਹੀ ਇਸ ਚੋਟੀ 'ਤੇ ਚੜ੍ਹ ਚੁੱਕੇ ਹਨ।