ਕਾਠਮੰਡੂ (ਪੀਟੀਆਈ) : ਨੇਪਾਲ ਜੋਕਿ ਸਾਲ 2014 ਤੋਂ ਸਾਰਕ ਦੇਸ਼ਾਂ ਦਾ ਚੇਅਰਮੈਨ ਹੈ, ਹੁਣ ਇਹ ਚੇਅਰਮੈਨੀ ਪਾਕਿਸਤਾਨ ਨੂੰ ਸੌਂਪਣ ਲਈ ਤਿਆਰ ਹੈ। ਇਸ ਬਾਰੇ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਤੇ ਇਸਲਾਮਾਬਾਦ ਨੂੰ ਆਪਸੀ ਮਤਭੇਦ ਖ਼ਤਮ ਕਰ ਕੇ ਖਿੱਤੇ ਦੀ ਬਿਹਤਰੀ ਲਈ ਅੱਗੇ ਆਉਣਾ ਚਾਹੀਦਾ ਹੈ।

ਪ੍ਰਦੀਪ ਕੁਮਾਰ ਨੇ ਕਿਹਾ ਕਿ ਨੇਪਾਲ ਆਪਣੇ ਦੇਸ਼ ਦੀ ਜ਼ਮੀਨ ਦੀ ਵਰਤੋਂ ਕਿਸੇ ਦੂਜੇ ਦੇਸ਼ ਨੂੰ ਨਹੀਂ ਕਰਨ ਦੇਵੇਗਾ। ਕੁਝ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨੇਪਾਲ ਸਾਰਕ ਦੀ ਚੇਅਰਮੈਨੀ ਪਾਕਿਸਤਾਨ ਨੂੰ ਸੌਂਪਣ ਲਈ ਤਿਆਰ ਹੈ। ਪਿਛਲੇ ਤਿੰਨ ਸਾਲਾਂ ਤੋਂ ਭਾਰਤ ਨੇ ਸਾਰਕ ਦੇਸ਼ਾਂ ਤੋਂ ਇਹ ਕਹਿ ਕੇ ਦੂਰੀ ਬਣਾਈ ਹੋਈ ਹੈ ਕਿ ਪਾਕਿਸਤਾਨ ਅੱਤਵਾਦ ਨੂੰ ਬੜ੍ਹਾਵਾ ਦਿੰਦਾ ਹੈ ਜਿਸ ਨਾਲ ਇਸ ਖਿੱਤੇ ਨੂੰ ਖ਼ਤਰਾ ਹੈ। ਨੇਪਾਲ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਨੇਪਾਲ ਆਉਣ ਦਾ ਸੱਦਾ ਦਿੱਤਾ ਹੈ ਤਾਂਕਿ ਖੇਤਰੀ ਮੁੱਦਿਆਂ 'ਤੇ ਖੁੱਲ੍ਹ ਕੇ ਵਿਚਾਰ ਕੀਤੀ ਜਾ ਸਕੇ।

ਸਾਰਕ ਦੇਸ਼ਾਂ ਦਾ ਪਿਛਲਾ ਸੰਮੇਲਨ 2014 ਵਿਚ ਕਾਠਮੰਡੂ 'ਚ ਹੋਇਆ ਸੀ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ ਸਨ। 2016 'ਚ ਸਾਰਕ ਸੰਮੇਲਨ ਇਸਲਾਮਾਬਾਦ ਵਿਚ ਹੋਣਾ ਸੀ ਪ੍ਰੰਤੂ ਭਾਰਤ ਵਿਚ ਫ਼ੌਜੀ ਕੈਂਪ 'ਤੇ ਅੱਤਵਾਦੀ ਹਮਲੇ ਕਾਰਨ ਭਾਰਤ ਨੇ ਇਸ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਆਪਣੀ ਅਸਮਰਥਤਾ ਜ਼ਾਹਿਰ ਕੀਤੀ ਸੀ। ਬੰਗਲਾਦੇਸ਼, ਭੂਟਾਨ ਅਤੇ ਅਫ਼ਗਾਨਿਸਤਾਨ ਵੱਲੋਂ ਇਸ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਨਾਂਹ ਕਰਨ ਕਾਰਨ ਪਾਕਿਸਤਾਨ ਨੂੰ ਇਹ ਸੰਮੇਲਨ ਰੱਦ ਕਰਨਾ ਪਿਆ ਸੀ। ਦੱਸਣਯੋਗ ਹੈ ਕਿ 8 ਦਸੰਬਰ, 1985 ਨੂੰ ਢਾਕਾ ਵਿਚ ਹੋਏ ਪਹਿਲੇ ਸਾਰਕ ਸੰਮੇਲਨ ਵਿਚ ਮਾਲਦੀਵ, ਭਾਰਤ, ਭੂਟਾਨ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਤੇ ਸ੍ਰੀਲੰਕਾ ਨੇ ਇਕ ਸਮਝੌਤੇ 'ਤੇ ਦਸਤਖ਼ਤ ਕਰ ਕੇ ਇਸ ਖਿੱਤੇ 'ਚ ਅਮਨ ਤੇ ਸ਼ਾਂਤੀ ਲਈ ਕੰਮ ਕਰਨ ਦਾ ਬੀੜਾ ਚੁੱਕਿਆ ਸੀ।