ਕਮਲਜੀਤ ਬੁੱਟਰ, ਕੈਲਗਰੀ : ਐੱਨਡੀਪੀ ਨਾਲ ਸਬੰਧਿਤ ਸਾਰੇ 24 ਐਲਬਰਟਾ ਵਿਧਾਇਕਾਂ ਨੇ ਆਪੋ-ਆਪਣੇ ਅਹੁਦੇ ਦਾ ਹਲਫ਼ ਲੈ ਲਿਆ ਹੈ। ਲੰਘੇ ਸੋਮਵਾਰ ਵਿਧਾਨ ਸਭਾ 'ਚ ਇਨ੍ਹਾਂ ਵਿਧਾਇਕਾਂ ਨੇ ਪਾਰਟੀ ਆਗੂ ਰੇਚੈਲ ਨੌਟਲੀ ਦੀ ਅਗ਼ਵਾਈ 'ਚ ਵਿਧਾਇਕ ਵਜੋਂ ਸਹੁੰ ਚੁੱਕੀ। ਇਸ ਮਗਰੋਂ ਰੇਚੈਲ ਨੌਟਲੀ ਨੇ ਸਾਰੇ ਵਿਧਾਇਕਾਂ ਦੀ ਵੱਖ-ਵੱਖ ਮਹਿਕਮਿਆਂ ਦੇ ਕਿ੍ਟਿਕ ਵਜੋਂ ਤਾਇਨਾਤੀ ਕਰ ਦਿੱਤੀ। ਵਿਰੋਧੀ ਧਿਰ ਦੇ 24 ਵਿਧਾਇਕਾਂ ਦੇ ਆਗੂ ਵਜੋਂ ਰੇਚੈਲ ਨੌਟਲੀ ਨੇ ਵਿਧਾਨ ਸਭਾ 'ਚ ਮਜ਼ਬੂਤ ਅਤੇ ਦਮਦਾਰ ਭੂਮਿਕਾ ਨਿਭਾਉਣ ਦਾ ਅਹਿਦ ਲਿਆ ਹੈ। 24 ਵਿਧਾਇਕਾਂ ਵਿਚ ਤਿੰਨ ਨਵੇਂ ਵਿਧਾਇਕ ਸ਼ਾਮਲ ਹੋਏ ਹਨ। ਰਾਖੀ ਪੰਚੋਲੀ, ਜਸਵੀਰ ਦਿਉਲ ਅਤੇ ਜੈਨਿਸ ਇਰਵਿਨ ਪਹਿਲੀ ਵਾਰ ਵਿਧਾਇਕ ਬਣੇ ਹਨ। ਸੈਰਾਹ ਹੌਫਮੈਨ ਨੂੰ ਐਜੂਕੇਸ਼ਨ, ਡੇਵਿਡ ਐੱਗਨ ਨੂੰ ਐਡਵਾਂਸਡ ਐਜੂਕੇਸ਼ਨ, ਜੋ ਸਿਸੀ ਨੂੰ ਮਿਊਂਸਪਲ ਅਫੇਅਰਜ਼, ਸ਼ੇਨਨ ਫਿਲਿਪਸ ਨੂੰ ਫਾਇਨਾਂਸ, ਇਰਫਾਨ ਸਾਬਿਰ ਨੂੰ ਐਨਰਜੀ ਐਂਡ ਨੈਚੁਰਲ ਗੈਸ ਅਤੇ ਕੈਥਲੀਨ ਗੈਨਲੀ ਨੂੰ ਜਸਟਿਸ ਦਾ ਕਿ੍ਟਿਕ ਨਿਯੁਕਤ ਕੀਤਾ ਗਿਆ ਹੈ।