ਕੁਆਲਾਲੰਪੁਰ (ਪੀਟੀਆਈ) : ਮਲੇਸ਼ੀਆ ਦੇ ਪੀਐੱਮ ਮਹਾਤਿਰ ਮੁਹੰਮਦ ਨੇ ਆਪਣੇ ਬਿਆਨ ਤੋਂ ਪਲਟਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਤੋਂ ਇਸਲਾਮਿਕ ਉਪਦੇਸ਼ਕ ਜ਼ਾਕਿਰ ਨਾਈਕ ਦੀ ਮੰਗ ਨਹੀਂ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸ਼ਖ਼ਸ ਭਾਰਤ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।

ਪਿਛਲੇ ਦਿਨੀਂ ਰੂਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੇਸ਼ੀਆ ਦੇ ਪੀਐੱਮ ਮਹਾਤਿਰ ਮੁਹੰਮਦ ਨਾਲ ਵੀ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਦੱਸਿਆ ਕਿ ਪੀਐੱਮ ਮੋਦੀ ਨੇ ਮਲੇਸ਼ੀਆਈ ਪੀਐੱਮ ਨਾਲ ਦੁਵੱਲੀ ਵਾਰਤਾ ਦੌਰਾਨ ਭਾਰਤ ਤੋਂ ਭੱਜੇ ਜ਼ਾਕਿਰ ਨਾਈਕ ਦੀ ਹਵਾਲਗੀ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਇਸ 'ਤੇ ਸਹਿਮਤੀ ਬਣੀ ਕਿ ਦੋਵੇਂ ਧਿਰਾਂ ਦੇ ਅਧਿਕਾਰੀ ਇਸ ਮਸਲੇ 'ਤੇ ਸੰਪਰਕ 'ਚ ਰਹਿਣਗੇ। ਪਰ ਹੁਣ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਇਸ ਤੋਂ ਉਲਟ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਦੀ ਜਦੋਂ ਉਨ੍ਹਾਂ ਨਾਲ ਮੁਲਾਕਾਤ ਹੋਈ, ਉਨ੍ਹਾਂ ਨੇ ਨਾਈਕ ਦੀ ਮੰਗ ਉਨ੍ਹਾਂ ਤੋਂ ਨਹੀਂ ਕੀਤੀ।

ਮਲੇਸ਼ੀਆਈ ਮੀਡੀਆ ਰਿਪੋਰਟਾਂ ਮੁਤਾਬਕ ਮਹਾਤਿਰ ਮੁਹੰਮਦ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਜ਼ਾਕਿਰ ਨਾਈਕ ਨੂੰ ਭਾਰਤ ਹਵਾਲਗੀ ਕਰਨ ਦਾ ਕੋਈ ਪ੍ਰਸਤਾਵ ਹੈ? ਉਨ੍ਹਾਂ ਕਿਹਾ, 'ਅਜਿਹੇ ਬਹੁਤ ਸਾਰੇ ਦੇਸ਼ ਨਹੀਂ ਹਨ, ਜੋ ਉਨ੍ਹਾਂ ਨੂੰ ਚਾਹੁੰਦੇ ਹਨ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਸੀ, ਪਰ ਉਨ੍ਹਾਂ ਨੇ ਮੇਰੇ ਤੋਂ ਉਸ ਦੀ ਮੰਗ ਨਹੀਂ ਕੀਤੀ।' ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸ਼ਖ਼ਸ ਭਾਰਤ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਜ਼ਾਕਿਰ ਨਾਈਕ ਪਿਛਲੇ ਤਿੰਨ ਸਾਲ ਤੋਂ ਮਲੇਸ਼ੀਆ 'ਚ ਰਹਿ ਰਿਹਾ ਹੈ। ਉਸ ਨੂੰ ਇੱਥੇ ਸਥਾਈ ਨਿਵਾਸੀ ਦਾ ਦਰਜਾ ਵੀ ਹਾਸਲ ਹੈ। ਪਰ ਪਿਛਲੇ ਦਿਨੀਂ ਉਸ ਨੇ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਨੂੰ ਲੈ ਕੇ ਜੋ ਟਿੱਪਣੀ ਕੀਤੀ, ਉਸ ਨੂੰ ਲੈ ਕੇ ਉਸ ਖ਼ਿਲਾਫ਼ ਨਾਰਾਜ਼ਗੀ ਸਿਖ਼ਰ 'ਤੇ ਹੈ। ਮਲੇਸ਼ੀਆ ਦੇ ਕਈ ਸੂਬਿਆਂ ਨੇ ਉਸ ਦੇ ਭਾਸ਼ਣ ਦੇਣ 'ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਹੈ। ਹੁਣ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਹੈ ਕਿ ਜ਼ਾਕਿਰ ਨਾਈਕ ਨੂੰ ਇੱਥੇ ਬੋਲਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ, 'ਜ਼ਾਕਿਰ ਨਾਈਕ ਇਸ ਦੇਸ਼ ਦਾ ਨਾਗਰਿਕ ਨਹੀਂ ਹੈ। ਉਸ ਨੂੰ ਸਥਾਈ ਨਿਵਾਸੀ ਦਾ ਦਰਜਾ ਪਿਛਲੀ ਸਰਕਾਰ ਨੇ ਦਿੱਤਾ ਸੀ। ਸਥਾਈ ਨਿਵਾਸੀਆਂ ਤੋਂ ਦੇਸ਼ ਦੀ ਵਿਵਸਥਾ ਜਾਂ ਸਿਆਸਤ ਨੂੰ ਲੈ ਕੇ ਟਿੱਪਣੀ ਕਰਨ ਦੀ ਉਮੀਦ ਨਹੀਂ ਕੀਤੀ ਜਾਂਦੀ, ਜਿਸ ਦੀ ਉਲੰਘਣਾ ਨਾਈਕ ਨੇ ਕੀਤੀ ਹੈ। ਇਸ ਲਈ ਹੁਣ ਉਸ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ।' ਮਲੇਸ਼ੀਆ 'ਚ ਜ਼ਾਕਿਰ ਨਾਈਕ ਦੀਆਂ ਮੁਸ਼ਕਲਾਂ ਪਿਛਲੇ ਮਹੀਨੇ ਤੋਂ ਹੀ ਵਧਣੀਆਂ ਸ਼ੁੁਰੂ ਹੋ ਗਈਆਂ ਸਨ, ਜਦੋਂ ਉਸ ਨੇ ਇੱਥੇ ਰਹਿ ਰਹੇ ਹਿੰਦੂਆਂ ਤੇ ਚੀਨੀ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ।