ਦਮਿਸ਼ਕ (ਆਈਏਐੱਨਐੱਸ) : ਸੀਰੀਆ ਤੋਂ ਪਰਤ ਰਹੇ ਅਮਰੀਕੀ ਫ਼ੌਜੀਆਂ ਨੂੰ ਸਥਾਨਕ ਕੁਰਦ ਨਾਗਰਿਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸੀਰੀਆ ਦੇ ਉੱਤਰੀ ਸ਼ਹਿਰ ਕਾਮਿਸ਼ਲੀ ਤੋਂ ਸੋਮਵਾਰ ਨੂੰ ਗੁਆਂਢੀ ਮੁਲਕ ਇਰਾਕ ਵੱਲ ਰਵਾਨਾ ਹੋਏ ਪੰਜ ਸੌ ਅਮਰੀਕੀ ਫ਼ੌਜੀਆਂ ਦੇ ਕਾਫ਼ਲੇ 'ਤੇ ਸਥਾਨਕ ਕੁਰਦਾਂ ਨੇ ਸੜੇ ਗਲ਼ੇ ਫ਼ਲ ਸੁੱਟੇ। ਇਹ ਇਲਾਕਾ ਸੀਰੀਆ, ਤੁਰਕੀ ਤੇ ਇਰਾਕ ਦੀ ਸਰਹੱਦ ਨਾਲ ਲੱਗਾ ਹੈ।

ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਹਾਲੀਆ ਹੀ 'ਚ ਕਿਹਾ ਸੀ ਕਿ ਸੀਰੀਆ 'ਚ ਤਾਇਨਾਤ ਇਕ ਹਜ਼ਾਰ ਅਮਰੀਕੀ ਫ਼ੌਜੀਆਂ ਨੂੰ ਇਰਾਕ ਭੇਜਿਆ ਜਾਵੇਗਾ, ਜਿੱਥੇ ਉਹ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਖ਼ਿਲਾਫ਼ ਫ਼ੈਸਲਾਕੁੰਨ ਜੰਗ ਲੜਨਗੇ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦਾ ਐਲਾਨ ਕੀਤਾ ਸੀ। ਸੀਰੀਆ 'ਚ ਆਈਐੱਸ ਅੱਤਵਾਦੀਆਂ ਖ਼ਿਲਾਫ਼ ਫ਼ੈਸਲਾਕੁੰਨ ਜੰਗ 'ਚ ਕੁਰਦ ਲੜਾਕਿਆਂ ਨੇ ਅਮਰੀਕੀ ਫ਼ੌਜ ਦੀ ਮਦਦ ਕੀਤੀ ਸੀ। ਸੀਰੀਆ ਤੋਂ ਆਪਣੇ ਫ਼ੌਜੀ ਹਟਾਉਣ ਦੇ ਅਮਰੀਕਾ ਦੇ ਐਲਾਨ ਤੋਂ ਤੁਰੰਤ ਬਾਅਦ ਗੁਆਂਢੀ ਮੁਲਕ ਤੁਰਕੀ ਨੇ ਕੁਰਦਾਂ ਦੇ ਕੰਟਰੋਲ ਵਾਲੇ ਇਲਾਕੇ 'ਚ ਫ਼ੌਜੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ।