ਜੇਐੱਨਐੱਨ, ਕਪੂਰਥਲਾ : ਰੋਜ਼ੀ ਰੋਟੀ ਖ਼ਾਤਰ ਅਮਰੀਕਾ ਗਏ ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਦੀ ਫਰਿਜ਼ਨੋ ਸ਼ਹਿਰ ਦੇ ਨਜ਼ਦੀਕ ਟਰਾਲਾ ਪਲਟਣ ਨਾਲ ਮੌਤ ਹੋ ਗਈ। ਮਿ੍ਤਕ ਨੌਜਵਾਨ ਦੀ ਪਛਾਣ ਜਗਜੀਤ ਸਿੰਘ ਉਰਫ਼ ਜਿੰਮੀ ਵਾਸੀ ਨੰਗਲ ਲੁਬਾਣਾ ਜ਼ਿਲ੍ਹਾ ਕਪੂਰਥਲਾ ਦੇ ਰੂਪ 'ਚ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਪਿਤਾ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਗਜੀਤ ਸਿੰਘ ਜਿੰਮੀ (26) ਅਮਰੀਕਾ ਗਿਆ ਸੀ ਤੇ ਇਸ ਸਮੇਂ ਆਪਣੇ ਭਰਾ ਸੰਦੀਪ ਸਿੰਘ ਕੋਲ ਕੈਲੀਫੋਰਨੀਆ ਦੇ ਸ਼ਹਿਰ ਮੰਡੋਰਾ 'ਚ ਰਹਿ ਰਿਹਾ ਸੀ। ਘਟਨਾ ਵੇਲੇ ਉਹ ਆਪਣੇ ਇਕ ਸਾਥੀ ਨਾਲ ਟਰਾਲਾ ਲੈ ਕੇ ਨਿਊਯਾਰਕ ਵੱਲ ਜਾ ਰਹੇ ਸਨ, ਤਾਂ ਅਚਾਨਕ ਉਨ੍ਹਾਂ ਦਾ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ, ਟਰਾਲਾ ਚਾਲਕ ਨੇ ਛਾਲ ਮਾਰ ਦਿੱਤੀ, ਪਰ ਟਰਾਲੇ 'ਚ ਸੁੱਤੇ ਹੋਏ ਜਗਜੀਤ ਸਿੰਘ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ।

ਸੁਖਜੀਤ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਹ ਫ਼ੌਜ 'ਚੋਂ ਸੇਵਾਮੁਕਤ ਹੋਏ ਹਨ ਤੇ ਇਸ ਵੇਲੇ ਪਿੰਡ 'ਚ ਹੀ ਖੇਤੀ ਕਰਦੇ ਹਨ। ਉਨ੍ਹਾਂ ਦੇ ਦੋ ਲੜਕੇ ਹਨ। ਵੱਡਾ ਲੜਕਾ ਸੰਦੀਪ ਸਿੰਘ ਵੀ ਅਮਰੀਕਾ 'ਚ ਪੱਕਾ ਹੈ। ਛੋਟੇ ਲੜਕੇ ਜਗਜੀਤ ਸਿੰਘ ਦੇ ਵੀ ਕਾਗਜ਼ਾਤ ਅਮਰੀਕਾ 'ਚ ਪੱਕੇ ਹੋਣ ਲਈ ਲਗਾਏ ਸਨ। ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਦੱਸਿਆ ਕਿ ਲੜਕੇ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਨੇ 45 ਲੱਖ ਰੁਪਏ ਖ਼ਰਚ ਕੀਤੇ ਸਨ। ਇਸ ਘਟਨਾ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਘਟਨਾ ਦੀ ਖ਼ਬਰ ਨਾਲ ਇਲਾਕੇ 'ਚ ਸ਼ੋਕ ਦੀ ਲਹਿਰ ਦੌੜ ਗਈ।