ਜਲਾਲਾਬਾਦ (ਏਪੀ) : ਸੀਰੀਆ ਤੇ ਇਰਾਕ ਜਿਹੇ ਗੜ੍ਹ ਗੁਆਉਣ ਮਗਰੋਂ ਖੂੰਖਾਰ ਅੱਤਵਾਦੀ ਜਥੇਬੰਦੀ ਆਈਐੱਸ ਹੁਣ ਅਫ਼ਗਾਨਿਸਤਾਨ 'ਚ ਆਪਣੀਆਂ ਜੜ੍ਹਾਂ ਜਮਾ ਰਿਹਾ ਹੈ। ਅਮਰੀਕਾ ਤੇ ਅਫ਼ਗਾਨਿਸਤਾਨ ਦੇ ਸੁਰੱਖਿਆ ਅਧਿਕਾਰੀਆਂ ਮੁਤਾਬਕ, ਆਈਐੱਸ ਨੇ ਦੇਸ਼ ਦੇ ਉੱਤਰ ਪੂਰਬ 'ਚ ਸਥਿਤ ਪਹਾੜੀ ਇਲਾਕੇ ਨੂੰ ਆਪਣਾ ਨਵਾਂ ਅੱਡਾ ਬਣਾਇਆ ਹੈ। ਸੰਗਠਨ ਨਾਲ ਜੁੜਨ ਵਾਲੇ ਅੱਤਵਾਦੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕੋਲ ਹਥਿਆਰਾਂ ਦਾ ਜ਼ਖ਼ੀਰਾ ਹੋਣ ਦੀ ਗੱਲ ਵੀ ਕਹੀ ਗਈ ਹੈ।

ਸਿਰਫ਼ ਅਫ਼ਗਾਨਿਸਤਾਨ 'ਚ ਆਈਐੱਸ ਨਾਲ ਜੁੜੇ ਅੱਤਵਾਦੀਆਂ ਦੀ ਗਿਣਤੀ ਹਜ਼ਾਰਾਂ 'ਚ ਪਹੁੰਚ ਚੁੱਕੀ ਹੈ। ਸੁਰੱਖਿਆ ਮਾਹਿਰ ਆਈਐੱਸ ਨੂੰ ਤਾਲਿਬਾਨ ਤੋਂ ਜ਼ਿਆਦਾ ਖ਼ਤਰਨਾਕ ਮੰਨ ਰਹੇ ਹਨ। ਅਮਰੀਕੀ ਖ਼ੁਫ਼ੀਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਈਐੱਸ ਯੂਰਪ ਤੇ ਅਮਰੀਕਾ 'ਚ ਵੱਡੇ ਹਮਲੇ ਦੀ ਤਿਆਰੀ ਵੀ ਕਰ ਰਿਹਾ ਹੈ। ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੀ ਕੌਂਸਲ ਦੇ ਮੈਂਬਰ ਅਜਮਲ ਉਮਰ ਦਾ ਕਹਿਣਾ ਹੈ ਕਿ ਆਈਐੱਸ ਪਾਕਿਸਤਾਨ ਨਾਲ ਲੱਗੇ ਇਸ ਸੂਬੇ 'ਚ ਆਪਣੀ ਪਕੜ ਮਜ਼ਬੂਤ ਕਰ ਚੁੱਕਾ ਹੈ। ਇਸ ਨਾਲ ਲੱਗੇ ਨੂਰਿਸਤਾਨ, ਕੁਨਾਰ ਤੇ ਲਗਮਾਨ ਸੂਬਿਆਂ 'ਚ ਵੀ ਉਹ ਆਪਣਾ ਪ੍ਰਭਾਵ ਜਮਾਉਣ ਲੱਗਾ ਹੈ।