ਬਗ਼ਦਾਦ (ਏਐੱਫਪੀ) : ਪ੍ਰਧਾਨ ਮੰਤਰੀ ਅਦੇਲ ਮਹਦੀ ਦੇ ਅਸਤੀਫ਼ੇ ਦੇ ਐਲਾਨ ਦੇ ਬਾਵਜੂਦ ਇਰਾਕ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰਾਜਧਾਨੀ ਬਗ਼ਦਾਦ ਸਮੇਤ ਕਈ ਸ਼ਹਿਰਾਂ 'ਚ ਸ਼ਨਿਚਰਵਾਰ ਨੂੰ ਵੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਦੌਰ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ, 'ਅਸੀਂ ਪੂਰੇ ਸਰਕਾਰੀ ਤੰਤਰ 'ਚ ਪੂਰਨ ਤਬਦੀਲੀ ਚਾਹੁੰਦੇ ਹਾਂ। ਸਾਰੇ ਭਿ੍ਸ਼ਟ ਆਗੂਆਂ ਦੇ ਹਟਣ ਤਕ ਸਾਡਾ ਅੰਦੋਲਨ ਜਾਰੀ ਰਹੇਗਾ।

ਸਰਕਾਰ 'ਚ ਵੱਡੇ ਪੱਧਰ 'ਤੇ ਫੈਲੇ ਭਿ੍ਸ਼ਟਾਚਾਰ ਤੇ ਬੇਰੁਜ਼ਗਾਰੀ ਖ਼ਿਲਾਫ਼ ਬਗ਼ਦਾਦ 'ਚ ਅਕਤੂਬਰ ਦੀ ਸ਼ੁਰੂਆਤ ਤੋਂ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਹੁਣ ਪੂਰੇ ਦੇਸ਼ 'ਚ ਫੈਲ ਚੁੱਕਾ ਹੈ। ਕਰੀਬ ਦੋ ਮਹੀਨਿਆਂ ਤੋਂ ਜਾਰੀ ਵਿਰੋਧ ਪ੍ਰਦਰਸ਼ਨ ਕਈ ਵਾਰ ਹਿੰਸਕ ਰੂਪ ਧਾਰਨ ਕਰ ਚੁੱਕੇ ਹਨ। ਸੁਰੱਖਿਆ ਬਲਾਂ ਨਾਲ ਹੋਈਆਂ ਝੜਪਾਂ 'ਚ ਹੁਣ ਤਕ 420 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ ਕਰੀਬ 15 ਹਜ਼ਾਰ ਜ਼ਖ਼ਮੀ ਹੋਏ। ਬਗ਼ਦਾਦ, ਸ਼ਿਆ ਫਿਰਕੇ ਦੇ ਪਵਿੱਤਰ ਸ਼ਹਿਰ ਨਜਫ ਤੇ ਪ੍ਰਧਾਨ ਮੰਤਰੀ ਅਦੇਲ ਦੇ ਜਨਮ ਸਥਾਨ ਨਸੀਰਿਆ 'ਚ ਇਸ ਹਫ਼ਤੇ ਹਿੰਸਕ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਦੀ ਫਾਇਰਿੰਗ 'ਚ ਦਰਜਨਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਵਿਰੋਧ ਪ੍ਰਦਰਸ਼ਨਾਂ ਕਾਰਨ ਵਧਦੇ ਦਬਾਅ ਤੇ ਸ਼ਿਆ ਧਰਮ ਗੁਰੂ ਆਇਤੁੱਲਾ ਅਲੀ ਅਲ-ਸਿਸਤਾਨੀ ਦੀ ਅਪੀਲ 'ਤੇ ਪ੍ਰਧਾਨ ਮੰਤਰੀ ਅਦੇਲ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਉਹ ਸੰਸਦ ਨੂੰ ਆਪਣਾ ਅਸਤੀਫ਼ਾ ਸੌਂਪ ਦੇਣਗੇ। ਸੰਸਦ ਦੀ ਕਾਰਵਾਈ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਹੈ ਪਰ ਇਸ ਐਲਾਨ ਦੇ ਬਾਵਜੂਦ ਪ੍ਰਦਰਸ਼ਨਕਾਰੀ ਸ਼ਾਂਤ ਨਹੀਂ ਹੋਏ। ਉਹ ਸ਼ਾਸਨ ਪ੍ਰਣਾਲੀ 'ਚ ਪੂਰਨ ਤਬਦੀਲੀ ਦੀ ਮੰਗ 'ਤੇ ਅੜੇ ਹੋਏ ਹਨ। ਦਿਵਾਨਿਆ ਸ਼ਹਿਰ 'ਚ ਸ਼ਨਿਚਰਵਾਰ ਨੂੰ ਜਮ੍ਹਾਂ ਹੋਏ ਹਜ਼ਾਰਾਂ ਪ੍ਰਦਰਸ਼ਨਕਾਰੀਆਂ 'ਚੋਂ ਇਕ ਨੇ ਕਿਹਾ, 'ਅਸੀਂ ਇਸ ਅੰਦੋਲਨ ਨੂੰ ਜਾਰੀ ਰੱਖਾਂਗੇ। ਅਦੇਲ ਦਾ ਅਸਤੀਫ਼ਾ ਮਹਿਜ਼ ਪਹਿਲਾ ਕਦਮ ਹੈ ਤੇ ਹੁਣ ਸਾਰੇ ਭਿ੍ਸ਼ਟ ਆਗੂਆਂ ਨੂੰ ਹਟਣਾ ਪਵੇਗਾ। ਨਸੀਰਿਆ ਦੇ ਸਿਟੀ ਸੈਂਟਰ 'ਚ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਤੇ ਸ਼ਹਿਰ ਦੇ ਤਿੰਨ ਪੁਲਾਂ 'ਤੇ ਟਾਇਰ ਫੂਕ ਕੇ ਆਪਣੇ ਇਰਾਦੇ ਜ਼ਾਹਰ ਕੀਤੇ।

ਝੜਪਾਂ ਨਾਲ ਦਹਿਲਿਆ ਕਰਬਲਾ

ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ 'ਚ ਸ਼ੁੱਕਰਵਾਰ ਰਾਤ ਤੋਂ ਸ਼ਨਿਚਰਵਾਰ ਸਵੇਰੇ ਤਕ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੁੰਦੀਆਂ ਰਹੀਆਂ। ਇਸ ਦੌਰਾਨ ਬੰਬ ਧਮਾਕਿਆਂ ਤੇ ਗੋਲੀਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ, ਜਦਕਿ ਨਜਫ 'ਚ ਸ਼ਨਿਚਰਵਾਰ ਨੂੰ ਸ਼ਾਂਤੀ ਰਹੀ। ਇਸ ਸ਼ਹਿਰ 'ਚ ਬੀਤੇ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਈਰਾਨ 'ਚ ਵਣਜ ਸਫਾਰਤਖਾਨਾ ਫੂਕ ਦਿੱਤਾ ਸੀ।

ਜਾਂਚ ਲਈ ਬਣਾਈ ਕਮੇਟੀ

ਇਰਾਕ ਦੀ ਸਰਵਉੱਚ ਨਿਆਇਕ ਪ੍ਰਰੀਸ਼ਦ ਨੇ ਸ਼ਨਿਚਰਵਾਰ ਨੂੰ ਇਹ ਐਲਾਨ ਕੀਤਾ ਕਿ ਮਾਮਲੇ ਦੀ ਤਹਿ 'ਚ ਜਾਣ ਲਈ ਇਕ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਪੂਰੇ ਘਟਨਾਕ੍ਰਮ ਦੀ ਜਾਂਚ ਕਰੇਗੀ। ਪ੍ਰੀਸ਼ਦ ਨੇ ਇਹ ਵਾਅਦਾ ਵੀ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ।

ਪੀਐੱਮ ਬਣਨ ਦੀ ਦੌੜ 'ਚ ਜਿਦਾਨ ਵੀ

ਸਰਵਉੱਚ ਨਿਆਇਕ ਪ੍ਰੀਸ਼ਦ ਦੀ ਜਾਂਚ ਕਮੇਟੀ 'ਚ ਚੀਫ ਜਸਟਿਸ ਫੈਕ ਜਿਦਾਨ ਵੀ ਹਨ। ਜਿਦਾਨ ਦਾ ਨਾਂ ਉਨ੍ਹਾਂ ਲੋਕਾਂ 'ਚ ਦੱਸਿਆ ਜਾ ਰਿਹਾ ਹੈ, ਜੋ ਅਦੇਲ ਦੀ ਜਗ੍ਹਾ ਲੈਣ ਦੀ ਦੌੜ 'ਚ ਦੱਸੇ ਜਾ ਰਹੇ ਹਨ।