ਤਹਿਰਾਨ (ਏਜੰਸੀ) : ਈਰਾਨ ਦੀ ਵਿਸ਼ੇਸ਼ ਭਿ੍ਸ਼ਟਾਚਾਰ ਰੋਕੂ ਅਦਾਲਤ ਨੇ ਮਨੀ ਲਾਂਡਰਿੰਗ ਤੇ ਦੂਜੇ ਮਾਮਲਿਆਂ 'ਚ ਇਕ ਜੋੜੇ ਨੂੰ ਮੌਤ ਦੀ ਸਜ਼ਾ ਸੁਣਾਈ। ਜਦਕਿ ਇਸੇ ਅਦਾਲਤ ਨੇ ਭਿ੍ਸ਼ਟਾਚਾਰ ਨਾਲ ਜੁੜੇ ਦੂਜੇ ਮਾਮਲਿਆਂ 'ਚ ਦੋ ਸੰਸਦ ਮੈਂਬਰਾਂ ਨੂੰ ਪੰਜ-ਪੰਜ ਸਾਲ ਜੇਲ੍ਹ ਦੀ ਸਜ਼ਾ ਦਿੱਤੀ ਹੈ।

ਅਦਾਲਤ ਦੇ ਬੁਲਾਰੇ ਗੁਲਮੋਹਸਿਨ ਇਸਮਾਇਲੀ ਨੇ ਮੰਗਲਵਾਰ ਨੂੰ ਕਿਹਾ ਕਿ ਨਜਵਾ ਲੇਸ਼ੀਦਾਈ ਤੇ ਉਨ੍ਹਾਂ ਦੇ ਪਤੀ ਵਾਹਿਦ ਬੇਹਿਜਾਦੀ ਨੂੰ ਮੁਦਰਾ ਦੀ ਤਸਕਰੀ ਤੇ 20 ਕਰੋੜ ਡਾਲਰ (ਕਰੀਬ ਡੇਢ ਹਜ਼ਾਰ ਕਰੋੜ ਰੁਪਏ) ਦਾ ਘੁਟਾਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਧਿਕਾਰੀਆਂ ਨੇ ਇਸ ਜੋੜੇ ਕੋਲੋਂ ਕਰੀਬ 300 ਕਿੱਲੋਗ੍ਰਾਮ ਸੋਨਾ ਵੀ ਜ਼ਬਤ ਕੀਤਾ ਸੀ। ਇਹ ਵੀ ਕਿਹਾ ਗਿਆ ਕਿ ਇਸ ਜੋੜੇ ਨੇ ਮੁਲਕ ਦੇ ਪ੍ਰਮੁੱਖ ਵਾਹਨ ਨਿਰਮਾਤਾ ਸਾਈਪਾ ਤੋਂ 6,700 ਕਾਰਾਂ ਖਰੀਦੀਆਂ ਸਨ। ਈਰਾਨੀ ਕਾਨੂੰਨ ਦੇ ਤਹਿਤ ਇਹ ਜੋੜਾ 20 ਦਿਨਾਂ ਦੇ ਅੰਦਰ ਫੈਸਲੇ ਨੂੰ ਚੁਣੌਤੀ ਦੇ ਸਕਦਾ ਹੈ। ਸਾਈਪਾ ਨਾਲ ਜੁੜੇ ਭਿ੍ਸ਼ਟਾਚਾਰ ਦੇ ਦੂਜੇ ਮਾਮਲਿਆਂ 'ਚ ਅਦਾਲਤ ਨੇ ਦੋ ਸੰਸਦ ਮੈਂਬਰਾਂ ਫਰੀਦੂਨ ਅਹਿਮਦੀ ਤੇ ਮੁਹੰਮਦ ਅਜੀਜੀ ਨੂੰ ਪੰਜ-ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਜਦਕਿ ਸਾਈਪਾ ਦੇ ਸਾਬਕਾ ਸੀਈਓ ਮਹਿਦੀ ਜਮਾਲੀ ਨੂੰ ਸੱਤ ਸਾਲ ਜੇਲ੍ਹ ਦੀ ਸਜ਼ਾ ਦਿੱਤੀ।