ਤਹਿਰਾਨ (ਏਐੱਫਪੀ) : ਈਰਾਨ ਦੇ ਸਰਬਉੱਚ ਆਗੂ ਆਯਤੁੱਲ੍ਹਾ ਅਲੀ ਖੋਮੀਨੀ ਨੇ ਸਾਊਦੀ ਤੇਲ ਪਲਾਂਟਾਂ 'ਤੇ ਹਮਲੇ ਤੋਂ ਬਾਅਦ ਵਧੇ ਤਣਾਅ ਦੇ ਮੱਦੇਨਜ਼ਰ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਨਾਂਹ ਕੀਤੀ ਹੈ। ਖੋਮੀਨੀ ਨੇ ਮੰਗਲਵਾਰ ਨੂੰ ਇੱਥੇ ਕਿਹਾ, ਈਰਾਨ 'ਤੇ ਵੱਧ ਤੋਂ ਵੱਧ ਦਬਾਅ ਬਣਾਉਣ ਦੀ ਨੀਤੀ ਬੇਮਤਲਬ ਹੈ। ਈਰਾਨ ਦੇ ਸਾਰੇ ਅਧਿਕਾਰੀ ਇਸ ਗੱਲ ਨੂੰ ਲੈ ਕੇ ਇਕਮਤ ਹਨ ਕਿ ਅਮਰੀਕਾ ਨਾਲ ਕਿਸੇ ਵੀ ਪੱਧਰ 'ਤੇ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ। ਰਾਸ਼ਟਰਪਤੀ ਹਸਨ ਰੂਹਾਨੀ ਵੀ ਪਾਬੰਦੀਆਂ ਹਟਾਏ ਜਾਣ ਤੋਂ ਪਹਿਲਾਂ ਅਮਰੀਕਾ ਨਾਲ ਸਿੱਧੀ ਗੱਲਬਾਤ ਤੋਂ ਇਨਕਾਰ ਕਰ ਚੁੱਕੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਫ਼ੌਜ ਸਾਊਦੀ ਤੇਲ ਪਲਾਂਟਾਂ 'ਤੇ ਹੋਏ ਤਾਜ਼ਾ ਹਮਲਿਆਂ ਦਾ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਇਸ ਨੂੰ ਆਪਣੇ ਸਹਿਯੋਗੀ ਦੇਸ਼ 'ਤੇ ਵੱਡਾ ਹਮਲਾ ਦੱਸਦੇ ਹੋਏ ਸ਼ੰਕਾ ਜਾਹਿਰ ਕੀਤੀ ਸੀ ਕਿ ਇਸ ਪਿੱਛੇ ਈਰਾਨ ਦਾ ਹੱਥ ਹੋ ਸਕਦਾ ਹੈ। ਟਰੰਪ ਦੇ ਇਸ ਬਿਆਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਭਵਨ ਨੇ ਹਾਲੀਆ ਹੀ 'ਚ ਕਿਹਾ ਸੀ ਕਿ ਅਗਲੇ ਹਫ਼ਤੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਤੋਂ ਵੱਖ ਰਾਸ਼ਟਰਪਤੀ ਟਰੰਪ ਆਪਣੇ ਈਰਾਨੀ ਹਮਰੁਤਬਾ ਹਸਨ ਰੂਹਾਨੀ ਨਾਲ ਮੁਲਾਕਾਤ ਕਰ ਸਕਦੇ ਹਨ। ਖੋਮੀਨੀ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ, ਅਮਰੀਕੀਆਂ ਨਾਲ ਕਿਸੇ ਗੱਲਬਾਤ ਦਾ ਕੋਈ ਮਤਲਬ ਨਹੀਂ ਬਣਦਾ। ਜੇਕਰ ਅਜਿਹਾ ਹੋਇਆ ਤਾਂ ਇਸ ਦਾ ਮਤਲਬ ਕੱਢਿਆ ਜਾਵੇਗਾ ਕਿ ਸਾਡੇ 'ਤੇ ਦਬਾਅ ਬਣਾਉਣ ਦੀ ਉਨ੍ਹਾਂ ਦੀ ਨੀਤੀ ਕਾਮਯਾਬ ਰਹੀ। ਇਹੀ ਵਜ੍ਹਾ ਹੈ ਕਿ ਰੂਹਾਨੀ, ਵਿਦੇਸ਼ ਮੰਤਰੀ ਮੁਹੰਮਦ ਜਵਾਬ ਜਰੀਫ ਤੇ ਹੋਰਨਾਂ ਅਧਿਕਾਰੀਆਂ ਨੇ ਇਕ ਸੁਰ 'ਚ ਐਲਾਨ ਕੀਤਾ ਹੈ ਕਿ ਅਸੀਂ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ।

ਪਿਛਲੇ ਸਾਲ ਮਈ 'ਚ ਸਾਲ 2015 ਦੇ ਪਰਮਾਣੂ ਕਰਾਰ ਤੋਂ ਹਟਣ ਦੇ ਟਰੰਪ ਦੇ ਐਲਾਨ ਤੋਂ ਬਾਅਦ ਈਰਾਨ ਤੇ ਅਮਰੀਕਾ 'ਚ ਤਣਾਅ ਚੱਲ ਰਿਹਾ ਹੈ। ਈਰਾਨ 'ਤੇ ਦਬਾਅ ਬਣਾਉਣ ਲਈ ਅਮਰੀਕਾ ਨੇ ਉਸ 'ਤੇ ਮੁੜ ਪਾਬੰਦੀਆਂ ਲਗਾ ਦਿੱਤੀਆਂ ਹਨ। ਜਵਾਬ 'ਚ ਈਰਾਨ ਨੇ ਵੀ ਆਪਣਾ ਪਰਮਾਣੂ ਪ੍ਰੋਗਰਾਮ ਮੁੜ ਸ਼ੁਰੂ ਕਰਨ ਦੀ ਗੱਲ ਕਹੀ ਹੈ।