ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਮੁੱਲਾਂਪਰ ਦੇ ਜੰਮਪਲ ਅਤੇ ਖੇਡ ਕਬੱਡੀ ਨੂੰ ਪੂਰੀ ਤਰ੍ਹਾਂ ਸਮਰਪਿਤ ਦੇਸ਼-ਵਿਦੇਸ਼ ਦੀਆਂ ਕਬੱਡੀ ਗਰਾਉਂਡਾਂ 'ਤੇ ਧਾਵੀ ਵਜੋਂ ਪੈਲਾਂ ਪਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਮੁੱਲਾਂਪੁਰ ਦਾ ਬੀਤੀ ਰਾਤ ਕੈਨੇਡਾ ਦੇ ਸਰੀ ਵਿਖੇ ਦੇਹਾਂਤ ਹੋ ਗਿਆ। ਪਿਤਾ ਮਹਿੰਦਰ ਸਿੰਘ ਦੇ ਇਸ ਇਕਲੌਤੇ ਪੁੱਤ ਦੇ ਦੇਹਾਂਤ ਦੀ ਖ਼ਬਰ ਜਿਉਂ ਹੀ ਇਲਾਕੇ ਅੰਦਰ ਪੁੱਜੀ ਤਾਂ ਉਨ੍ਹਾਂ ਦੇ ਚਹੇਤਿਆਂ ਤੇ ਕਬੱਡੀ ਖਿਡਾਰੀਆਂ 'ਚ ਸੋਗ ਦੀ ਲਹਿਰ ਦੌੜ ਗਈ।

ਮਹੀਪਾਲ ਬੀਤੇ ਕੁੱਝ ਸਮੇਂ ਪਹਿਲਾਂ ਹੀ ਕੈਨੇਡਾ ਵਿਖੇ ਗਿਆ ਸੀ ਤੇ ਉੱਥੇ ਕੁੱਝ ਕੁ ਦਿਨ ਬੀਮਾਰ ਰਹਿਣ ਪਿੱਛੋਂ ਇਲਾਜ ਅਧੀਨ ਉਸ ਦੀ ਮੌਤ ਹੋ ਗਈ। ਹਲਕਾ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ, ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ , ਅੰਤਰਰਾਸ਼ਟਰੀ ਕਬੱਡੀ ਕੋਚ ਦੇਵੀ ਦਿਆਲ, ਦਲੀਪ ਸਿੰਘ ਸਪੋਰਟਸ ਕਲੱਬ ਬਦੋਵਾਲ ਦੇ ਬਲਬੀਰ ਸਿੰਘ ਬੀਰਾ, ਰਾਜਵਿੰਦਰ ਰਾਜੂ ਬੱਦੋਵਾਲ, ਇੰਦਰਜੀਤ ਸਿੰਘ ਕੈਨੇਡਾ, ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਆਦਿ ਤੋਂ ਇਲਾਵਾ ਨਾਮਵਰ ਖੇਡ ਕਲੱਬਾਂ ਨੇ ਮਹੀਪਾਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਹਮਦਰਦੀ ਪ੍ਰਗਟਾਈ ਹੈ।