ਕੋਲੰਬੋ (ਏਐੱਨਆਈ) : ਸਮੁੰਦਰੀ ਫ਼ੌਜ ਦਾ ਬੇੜਾ ਆਈਐੱਨਐੱਸ ਜਲਾਸ਼ਵ 700 ਭਾਰਤੀਆਂ ਨੂੰ ਲੈ ਕੇ ਕੋਲੰਬੋ ਤੋਂ ਭਾਰਤ ਲਈ ਰਵਾਨਾ ਹੋ ਗਿਆ ਹੈ। ਵਿਦੇਸ਼ ਵਿਚ ਫਸੇ ਭਾਰਤੀਆਂ ਦੀ ਵਾਪਸੀ ਲਈ ਜਾਰੀ 'ਵੰਦੇ ਭਾਰਤ ਮਿਸ਼ਨ' ਤਹਿਤ ਸਮੁੰਦਰ ਸੇਤੂ ਮੁਹਿੰਮ ਦੇ ਦੂਜੇ ਪੜਾਅ ਵਿਚ ਸ੍ਰੀਲੰਕਾ ਤੋਂ ਭਾਰਤੀ ਨਾਗਰਿਕਾਂ ਨੂੰ ਲਿਆਇਆ ਜਾ ਰਿਹਾ ਹੈ। ਸੋਮਵਾਰ ਸਵੇਰੇ ਇਹ ਬੇੜਾ ਕੋਲੰਬੋ ਬੰਦਰਗਾਹ ਪੁੱਜਾ ਅਤੇ ਉੱਥੋਂ ਯਾਤਰੀਆਂ ਨੂੰ ਲੈ ਕੇ ਤਾਮਿਲਨਾਡੂ ਦੇ ਤੂਤੀਕੋਰਿਨ ਲਈ ਰਵਾਨਾ ਹੋ ਗਿਆ। ਇਸ ਪਿੱਛੋਂ ਇਹ ਬੇੜਾ ਮਾਲਦੀਵ ਦੇ ਮਾਲੇ ਤੋਂ ਵੀ 700 ਲੋਕਾਂ ਨੂੰ ਤੂਤੀਕੋਰਿਨ ਲਿਆਏਗਾ।

ਸਰੀਰਕ ਦੂਰੀ ਅਤੇ ਹੈਲਥ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਇਸ ਬੇੜੇ ਨੂੰ ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਵਿਚ ਵੰਡਿਆ ਗਿਆ ਹੈ। ਕਮਾਂਡਰ ਗੌਰਵ ਦੁਰਗਪਾਲ ਨੇ ਕਿਹਾ ਕਿ ਕੋਵਿਡ-19 ਨੂੰ ਲੈ ਕੇ ਸੁਰੱਖਿਆ ਦਿਸ਼ਾ-ਨਿਰਦੇਸ਼ ਅਤੇ ਉਸ ਲਈ ਪ੍ਰੋਟੋਕਾਲ ਜਲ ਸੈਨਾ ਹੈੱਡਕੁਆਰਟਰ ਵਿਚ ਜਾਰੀ ਕੀਤਾ ਹੈ ਅਤੇ ਉਸ ਦਾ ਪਾਲਣ ਕੀਤਾ ਜਾ ਰਿਹਾ ਹੈ। ਪੂਰੇ ਬੇੜੇ ਨੂੰ ਤਿੰਨ ਜ਼ੋਨ ਵਿਚ ਵੰਡਿਆ ਗਿਆ ਹੈ। ਰੈੱਡ ਜ਼ੋਨ ਵਿਚ ਸਾਰੇ ਯਾਤਰੀਆਂ ਨੂੰ ਠਹਿਰਾਇਆ ਗਿਆ ਹੈ। ਆਰੇਂਜ ਜ਼ੋਨ ਵਿਚ ਲਿਆਏ ਜਾ ਰਹੇ ਲੋਕਾਂ ਦਾ ਧਿਆਨ ਰੱਖਣ ਵਾਲੇ ਕਰਮਚਾਰੀ ਹਨ ਅਤੇ ਗ੍ਰੀਨ ਜ਼ੋਨ ਉਹ ਖੇਤਰ ਹੈ ਜਿੱਥੇ ਅਧਿਕਾਰੀ ਅਤੇ ਮਲਾਹ ਠਹਿਰੇ ਹੋਏ ਹਨ। ਜਿਨ੍ਹਾਂ ਲੋਕਾਂ ਨੂੰ ਲਿਆਇਆ ਜਾ ਰਿਹਾ ਹੈ ਉਨ੍ਹਾਂ ਨੂੰ ਸਵਾਰ ਹੋਣ ਸਮੇਂ ਨਵਾਂ ਮਾਸਕ ਮੁਹੱਈਆ ਕਰਵਾਇਆ ਗਿਆ ਹੈ। ਇਸ ਦੇ ਅੱਗੇ ਉਨ੍ਹਾਂ ਦੇ ਤੂਤੀਕੋਰਿਨ ਪਹੁੰਚਣ ਤਕ ਰੋਜ਼ਾਨਾ ਇਕ ਨਵਾਂ ਮਾਸਕ ਦਿੱਤਾ ਜਾਵੇਗਾ। ਹੈਲਥ ਡੈਸਕ ਅਤੇ ਮੈਡੀਕਲ ਡੈਸਕ 'ਤੇ ਹੈਂਡ ਸੈਨੇਟਾਈਜ਼ਰ ਉਪਲੱਬਧ ਹਨ।