ਜਕਾਰਤਾ (ਏਐੱਫਪੀ) : ਇੰਡੋਨੇਸ਼ੀਆ ਨੇ ਆਪਣੀ ਨਵੀਂ ਰਾਜਧਾਨੀ ਲਈ ਚਹੁੰਪਾਸੜ ਹਰਿਆਲੀ ਨਾਲ ਘਿਰੇ ਬੋਰਨੀਓ ਟਾਪੂ ਦੇ ਪੂਰਬੀ ਹਿੱਸੇ ਨੂੰ ਚੁਣਿਆ ਹੈ। ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਦੀ ਰਾਜਧਾਨੀ ਭੀੜਭਾੜ ਵਾਲੇ ਜਕਾਰਤਾ ਤੋਂ ਹਟਾ ਕੇ ਕਿਤੇ ਹੋਰ ਬਣਾਏ ਜਾਣ ਦੀ ਲੰਬੇ ਸਮੇਂ ਤੋਂ ਚਰਚਾ ਸੀ। ਦੇਸ਼ ਦੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ 16 ਅਗਸਤ ਨੂੰ ਵਿਡੋਡੋ ਨੇ ਬੋਰਨੀਆ ਟਾਪੂ 'ਤੇ ਨਵੀਂ ਰਾਜਧਾਨੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਜੰਗਲ, ਕੋਲੇ ਦੀਆਂ ਖਾਨਾਂ ਤੇ ਕੁਦਰਤੀ ਵਸੀਲਿਆਂ ਦੀ ਬਹੁਤਾਤ ਵਾਲੇ ਇਸ ਟਾਪੂ 'ਤੇ ਇੰਡੋਨੇਸ਼ੀਆ ਤੇ ਬਰੂਨੇਈ ਦੋਵਾਂ ਦੀ ਭਾਈਵਾਲੀ ਹੈ।

ਨਵੀਂ ਰਾਜਧਾਨੀ ਲਈ ਪ੍ਰਸਤਾਵਿਤ ਖੇਤਰ ਭੁਗੋਲਿਕ ਰੂਪ ਨਾਲ ਇੰਡੋਨੇਸ਼ੀਆ ਦੇ ਕੇਂਦਰੀ ਹਿੱਸੇ 'ਚ ਪੈਂਦਾ ਹੈ। ਇਸ ਖੇਤਰ ਦੀ 4,45,000 ਏਕੜ ਜ਼ਮੀਨ ਸਰਕਾਰ ਦੇ ਅਧੀਨ ਹੈ। ਪੂਰਬੀ ਕਾਲਿਮੈਨਟਨ ਦਾ ਇਹ ਖੇਤਰ ਕੁਦਰਤੀ ਆਫ਼ਤਾਂ ਦੇ ਲਿਹਾਜ਼ ਨਾਲ ਵੀ ਸੁਰੱਖਿਅਤ ਹੈ। ਟੀਵੀ ਰਾਹੀਂ ਦਿੱਤੇ ਭਾਸ਼ਣ 'ਚ ਰਾਸ਼ਟਰਪਤੀ ਵਿਡੋਡੋ ਨੇ ਕਿਹਾ, '74 ਸਾਲ ਤੋਂ ਆਜ਼ਾਦ ਇੰਡੋਨੇਸ਼ੀਆ ਨੇ ਆਪਣੀ ਰਾਜਧਾਨੀ ਦੀ ਖ਼ੁਦ ਕਦੀ ਚੋਣ ਨਹੀਂ ਕੀਤੀ। ਜਕਾਰਤਾ 'ਤੇ ਪ੍ਰਸ਼ਾਸਨ, ਵਪਾਰ, ਵਿੱਤ, ਸੇਵਾ ਆਦਿ ਬੋਝ ਹੈ, ਜੋ ਬਹੁਤ ਜ਼ਿਆਦਾ ਹੈ। ਇਸੇ ਕਾਰਨ ਰਾਜਧਾਨੀ ਦਾ ਬਦਲਿਆ ਜਾਣਾ ਜ਼ਰੂਰੀ ਹੈ।' ਰਾਜਧਾਨੀ ਬਦਲਣ ਨੂੰ ਲੈ ਕੇ ਸੰਸਦ 'ਚ ਇਕ ਬਿੱਲ ਵੀ ਪੇਸ਼ ਕੀਤਾ ਜਾਵੇਗਾ। ਇਸ ਬਦਲਾਅ 'ਚ 33 ਅਰਬ ਡਾਲਰ (ਕਰੀਬ 2.37 ਲੱਖ ਕਰੋੜ ਰੁਪਏ) ਤਕ ਦਾ ਖ਼ਰਚ ਆਉਣ ਦੀ ਸੰਭਾਵਨਾ ਹੈ।

17 ਹਜ਼ਾਰ ਟਾਪੂਆਂ ਵਾਲੇ ਦੇਸ਼ ਦੀ ਮੌਜੂਦਾ ਰਾਜਧਾਨੀ ਜਕਾਰਤਾ ਦੀ ਸਥਾਪਨਾ ਕਰੀਬ ਪੰਜ ਦਹਾਕੇ ਪਹਿਲਾਂ ਹੋਈ ਸੀ। ਸਮੁੰਦਰੀ ਜਲ ਪੱਧਰ ਵਧਣ ਕਾਰਨ ਇਹ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਡੁੱਬਦੇ ਇਲਾਕਿਆਂ 'ਚੋਂ ਹੈ। 2050 ਤਕ ਇਸ ਸ਼ਹਿਰ ਦੀ ਤਿਹਾਈ ਹਿੱਸਾ ਪਾਣੀ 'ਚ ਡੁੱਬ ਦੀ ਸ਼ੰਕਾ ਹੈ। ਇਕ ਕਰੋੜ ਦੀ ਆਬਾਦੀ ਵਾਲੇ ਇਸ ਸ਼ਹਿਰ 'ਚ ਪ੍ਰਦੂਸ਼ਣ ਦਾ ਪੱਧਰ ਵੀ ਕਾਫ਼ੀ ਵਧ ਗਿਆ ਹੈ। ਇਹ ਭੂਚਾਲ ਤੇ ਹੜ੍ਹ ਦੇ ਲਿਹਾਜ਼ ਨਾਲ ਵੀ ਸੰਵੇਦਨਸ਼ੀਲ ਇਲਾਕਾ ਹੈ।