ਲੰਡਨ (ਪੀਟੀਆਈ) : ਬਰਤਾਨੀਆ ਦੇ ਹਾਈ ਕੋਰਟ ਨੇ ਗੋਦ ਲਏ ਪੁੱਤਰ ਅਤੇ ਰਿਸ਼ਤੇਦਾਰ ਦੀ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਭਾਰਤੀ ਮੂਲ ਦੇ ਜੋੜੇ ਦੀ ਹਵਾਲਗੀ ਲਈ ਭਾਰਤ ਨੂੰ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਇਸ ਮਾਮਲੇ 'ਤੇ ਰਾਇਲ ਕੋਰਟ ਆਫ ਜਸਟਿਸ ਵਿਚ ਅਗਲੇ ਸਾਲ 28 ਜਨਵਰੀ ਨੂੰ ਸੁਣਵਾਈ ਹੋਵੇਗੀ। ਹੱਤਿਆ ਦੀ ਵਾਰਦਾਤ 2017 ਵਿਚ ਗੁਜਰਾਤ ਵਿਚ ਹੋਈ ਸੀ।

ਅਦਾਲਤ 'ਚ ਹਵਾਲਗੀ ਦੀ ਕਾਰਵਾਈ 'ਤੇ ਭਾਰਤ ਦੀ ਪੈਰਵੀ ਕਰਨ ਵਾਲੇ ਕ੍ਰਾਊਨ ਪ੍ਰਾਸਿਕਿਊਸ਼ਨ ਸਰਵਿਸ (ਸੀਪੀਐੱਸ) ਨੇ ਬੁੱਧਵਾਰ ਨੂੰ ਕਿਹਾ ਕਿ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਹੇਠਲੀ ਅਦਾਲਤ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਜੁਲਾਈ ਵਿਚ ਭਾਰਤੀ ਮੂਲ ਦੇ ਬਰਤਾਨਵੀ ਜੋੜੇ ਆਰਤੀ ਧੀਰ ਅਤੇ ਉਸ ਦੇ ਪਤੀ ਕਵਲ ਰਾਏਜ਼ਾਦਾ ਦੀ ਹਵਾਲਗੀ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਚੀਫ ਮੈਜਿਸਟ੍ਰੇਟ ਐਮਾ ਅਰਬੁਨਾਟ ਨੇ ਕਿਹਾ ਸੀ ਕਿ ਭਾਰਤ ਵਿਚ ਜੋੜੇ ਨੂੰ ਬਿਨਾਂ ਪੈਰੋਲ ਦੀ ਤਜਵੀਜ਼ ਦੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਜਿਹੜੀ ਯੂਰਪੀਅਨ ਕਨਵੈਨਸ਼ਨ ਆਨ ਹਿਊਮਨ ਰਾਈਟਸ (ਈਸੀਐੱਚਆਰ) ਦੀ ਦਾਰਾ 3 ਖ਼ਿਲਾਫ਼ ਹੈ। ਜ਼ਿਕਰਯੋਗ ਹੈ ਕਿ ਅਰਬੁਨਾਟ ਨੇ ਹੀ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ਦਾ ਆਦੇਸ਼ ਦਿੱਤਾ ਸੀ।

ਆਰਤੀ ਅਤੇ ਕਵਲ 'ਤੇ ਆਪਣੇ 11 ਸਾਲ ਦੇ ਗੋਦ ਲਏ ਪੁੱਤਰ ਗੋਪਾਲ ਸੇਜਾਨੀ ਅਤੇ ਆਪਣੇ ਰਿਸ਼ਤੇਦਾਰ ਹਰਸੁਖਭਾਈ ਕਰਦਾਨੀ ਦੀ ਹੱਤਿਆ ਦਾ ਦੋਸ਼ ਹੈ। ਇਸ ਹੱਤਿਆਕਾਂਡ ਨੂੰ ਫਰਵਰੀ, 2017 ਵਿਚ ਗੁਜਰਾਤ ਵਿਚ ਅੰਜਾਮ ਦਿੱਤਾ ਗਿਆ ਸੀ। ਗੁਜਰਾਤ ਪੁਲਿਸ ਮੁਤਾਬਕ, ਦੋਵਾਂ ਨੇ ਸਾਜ਼ਿਸ਼ ਤਹਿਤ ਗੋਪਾਲ ਨੂੰ ਗੋਦ ਲੈਣ ਦੀ ਯੋਜਨਾ ਬਣਾਈ ਅਤੇ 1.3 ਕਰੋੜ ਰੁਪਏ ਦਾ ਉਸ ਦਾ ਬੀਮਾ ਕਰਵਾਇਆ। ਉਸ ਤੋਂ ਬਾਅਦ ਬੀਮੇ ਦੀ ਰਕਮ ਲਈ ਬੱਚੇ ਅਤੇ ਰਿਸ਼ਤੇਦਾਰ ਦੀ ਅਗਵਾ ਤੋਂ ਬਾਅਦ ਹੱਤਿਆ ਕਰਵਾ ਦਿੱਤੀ।

ਅਸਥਾਈ ਵਾਰੰਟ 'ਤੇ ਦੋਵਾਂ ਨੂੰ ਬਰਤਾਨੀਆ ਵਿਚ ਜੂਨ, 2017 ਵਿਚ ਗਿ੍ਫ਼ਤਾਰ ਵੀ ਕੀਤਾ ਗਿਆ ਸੀ, ਬਾਅਦ ਵਿਚ ਉਨ੍ਹਾਂ ਨੂੰ ਸ਼ਰਤਾਂ ਤਹਿਤ ਜ਼ਮਾਨਤ ਮਿਲ ਗਈ ਸੀ। ਭਾਰਤ ਸਰਕਾਰ ਨੇ ਅਦਾਲਤ ਵਿਚ ਭਰੋਸਾ ਦਿਵਾਇਆ ਹੈ ਕਿ ਦੋਸ਼ੀ ਪਾਏ ਜਾਣ 'ਤੇ ਮੁਲਜ਼ਮ ਜੋੜੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। ਦੋਸ਼ੀ ਪਾਏ ਜਾਣ 'ਤੇ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।