ਅਵਤਾਰ ਸਿੰਘ ਟਹਿਣਾ, ਆਕਲੈਂਡ : ਕੋਵਿਡ-19 ਕਾਰਨ ਬੇਰੁਜ਼ਗਾਰੀ ਨੂੰ ਘੱਟ ਕਰਨ ਲਈ ਨਿਊਜ਼ੀਲੈਂਡ 'ਚ ਵੀਜ਼ਾ ਨਿਯਮ ਹੋਰ ਸਖ਼ਤ ਹੋ ਗਏ ਹਨ ਜਿਸ ਕਰ ਕੇ ਪਰਵਾਸੀਆਂ ਨੂੰ ਨੌਕਰੀ ਦੇਣ ਤੋਂ ਪਹਿਲਾਂ ਰੁਜ਼ਗਾਰਦਾਤਾ ਸਰਕਾਰੀ ਦਫ਼ਤਰਾਂ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਉਸ ਨੂੰ ਸਥਾਨਕ ਕਾਮਾ ਨਹੀਂ ਮਿਲਿਆ। ਉਨ੍ਹਾਂ ਇਹ ਸੰਕੇਤ ਵੀ ਕੀਤਾ ਕਿ ਜਿਹੜੇ ਪਰਵਾਸੀ ਅੱਜਕੱਲ੍ਹ ਦੇਸ਼ ਤੋਂ ਬਾਹਰ ਹਨ, ਉਨ੍ਹਾਂ ਲਈ ਵਾਪਸੀ ਦਾ ਰਾਹ ਛੇਤੀ ਨਹੀਂ ਖੁੱਲ੍ਹੇਗਾ।

ਇਹ ਖ਼ੁਲਾਸਾ ਅੱਜ ਇੱਥੇ ਰੇਡੀਓ 'ਤੇ ਇੰਟਰਵਿਊ ਦੌਰਾਨ ਇਮੀਗ੍ਰੇਸ਼ਨ ਮੰਤਰੀ ਈ ਐੱਨ ਲੀਸ-ਗੈਲੋਵੇਅ ਨੇ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ਾਂ 'ਚ ਫਸੇ ਬੈਠੇ ਪਰਵਾਸੀ ਕਾਮਿਆਂ ਲਈ ਨਿਊਜ਼ੀਲੈਂਡ ਵਾਪਸੀ ਛੇਤੀ ਨਹੀਂ ਹੋਵੇਗੀ। ਹਰ ਤਰ੍ਹਾਂ ਦੇ ਅਸਥਾਈ ਵਰਕ ਵੀਜ਼ੇ ਲਈ ਪਹਿਲਾਂ ਮਾਰਕੀਟ ਟੈਸਟ ਜ਼ਰੂਰੀ ਹੋਵੇਗਾ। ਉਨ੍ਹਾਂ ਇਹ ਗੱਲ ਵੀ ਮੰਨੀ ਕਿ ਵਿਦੇਸ਼ਾਂ 'ਚ ਫਸੇ ਕਾਮੇ ਔਖੀ ਘੜੀ 'ਚੋਂ ਲੰਘ ਰਹੇ ਹਨ।

ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਕਾਮਿਆਂ ਦੀ ਨੌਕਰੀ ਲਗਾਤਾਰ ਚੱਲ ਰਹੀ ਹੈ ਅਤੇ ਜੇ ਉਨ੍ਹਾਂ ਨੂੰ ਵੀਜ਼ਾ ਵਧਾਉਣ ਦੀ ਲੋੜ ਹੈ ਤਾਂ ਉਨ੍ਹਾਂ ਦਾ ਵੀਜ਼ਾ ਵੀ ਨਿਊਜ਼ੀਲੈਂਡ ਦੀ ਜਾਬ ਮਾਰਕੀਟ 'ਤੇ ਨਿਰਭਰ ਕਰੇਗਾ ਕਿ ਉਨ੍ਹਾਂ ਦੀ ਇੱਥੇ ਕਿੰਨੀ ਕੁ ਲੋੜ ਹੈ। ਇਸ ਗੱਲ ਦਾ ਪਤਾ ਲਾਉਣ ਲਈ ਲੇਬਰ ਮਾਰਕੀਟ ਟੈਸਟ ਰਾਹੀਂ ਪਤਾ ਕੀਤਾ ਜਾਵੇਗਾ ਕਿ ਕੀ ਕੀਵੀ ਕਾਮੇ ਉਪਲੱਬਧ ਹਨ ਕਿ ਨਹੀਂ। ਉਨ੍ਹਾਂ ਸਲਾਹ ਵੀ ਦਿੱਤੀ ਕਿ ਜਿਹੜੇ ਕਾਮੇ ਨਿਊਜ਼ੀਲੈਂਡ ਨਾਲ ਸਬੰਧਤ ਕੋਈ ਵੀ ਮਸਲਾ ਹੱਲ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਆਪੋ-ਆਪਣੇ ਦੇਸ਼ ਦੇ ਦੂਤਘਰ ਨਾਲ ਰਾਬਤਾ ਕਾਇਮ ਕਰ ਸਕਦੇ ਹਨ।

ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਦੇਸ਼ ਦੀਆਂ ਸਰਹੱਦਾਂ ਬੰਦ ਹਨ ਅਤੇ ਅਜਿਹੇ ਹਾਲਾਤ 'ਚ ਨਿਊਜ਼ੀਲੈਂਡ ਸਰਕਾਰ ਅਜਿਹੇ ਲੋਕਾਂ ਦੀ ਕੋਈ ਮਦਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਦੇਸ਼ ਦੀਆਂ ਸਰਹੱਦਾਂ ਬੰਦ ਹੋਣ ਨਾਲ ਹੀ ਨਿਊਜ਼ੀਲੈਂਡ 'ਚ ਕੋਵਿਡ-19 ਵਾਇਰਸ ਦੇ ਫੈਲਣ ਨੂੰ ਰੋਕਣ 'ਚ ਮਦਦ ਮਿਲੀ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਦਿਨੀਂ ਇਮੀਗ੍ਰੇਸ਼ਨ (ਕੋਵਿਡ-19 ਰਿਸਪਾਂਸ) ਸੋਧ ਬਿੱਲ ਪਾਸ ਕਰਵਾਇਆ ਸੀ। ਜਿਸ ਤਹਿਤ ਮੰਤਰੀ ਨੂੰ ਅਸੀਮਤ ਸ਼ਕਤੀਆਂ ਦਿੱਤੀਆਂ ਗਈਆਂ ਸਨ। ਉਦੋਂ ਤੋਂ ਲੈ ਕੇ ਪੰਜਾਬੀ ਭਾਈਚਾਰੇ ਦੇ ਕੁਝ ਚੇਤੰਨ ਲੋਕਾਂ ਵੱਲੋਂ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਇਹ ਬਿੱਲ ਪਰਵਾਸੀ ਪੰਜਾਬੀਆਂ ਦੇ ਹਿੱਤ 'ਚ ਨਹੀਂ ਹੋਵੇਗਾ ਜਿਸ ਕਰਕੇ ਹੁਣ ਪੰਜਾਬੀ ਮੂਲ ਦੇ ਬਹੁਤ ਸਾਰੇ ਕਾਮੇ ਪ੍ਰਭਾਵਿਤ ਹੋਣ ਦਾ ਡਰ ਹੈ, ਜਿਨ੍ਹਾਂ 'ਚੋਂ ਕਈ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਪੰਜਾਬ ਗਏ ਹੋਏ ਹਨ।।

Posted By: Seema Anand