ਟੋਕੀਓ (ਰਾਇਟਰ) : ਉੱਤਰੀ ਕੋਰੀਆਈ ਮਛੇਰਿਆਂ ਦੀ ਇਕ ਕਿਸ਼ਤੀ ਜਾਪਾਨ ਦੇ ਗਸ਼ਤੀ ਬੇੜੇ ਨਾਲ ਟਕਰਾ ਕੇ ਸਮੁੰਦਰ 'ਚ ਡੁੱਬ ਗਈ। ਇਹ ਘਟਨਾ ਸੋਮਵਾਰ ਸਵੇਰੇ ਜਾਪਾਨੀ ਖਿੱਤੇ ਨੋਟੋ ਤੋਂ 350 ਕਿਲੋਮੀਟਰ ਦੂਰ ਹੋਈ। ਹਾਦਸੇ ਸਮੇਂ ਉੱਤਰੀ ਕੋਰੀਆਈ ਕਿਸ਼ਤੀ 'ਚ ਕਰੀਬ 20 ਲੋਕ ਸਵਾਰ ਸਨ। 10 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬਾਕੀ ਲੋਕਾਂ ਦੀ ਤਲਾਸ਼ ਜਾਰੀ ਹੈ। ਜਾਪਾਨੀ ਕੋਸਟ ਗਾਰਡ ਬਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲਾਪਤਾ ਮਛੇਰਿਆਂ ਨੂੰ ਬਚਾਉਣ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।

ਜਾਪਾਨ ਦੀ ਮਛਲੀ ਪਾਲਣ ਏਜੰਸੀ ਦੇ ਇਨਫੋਰਸਮੈਂਟ ਵਿਭਾਗ ਦੇ ਮੁਖੀ ਸਤੋਸ਼ੀ ਕੁਵਹਾਰਾ ਨੇ ਕਿਹਾ ਕਿ ਜਾਪਾਨੀ ਖੇਤਰ 'ਚ ਨਾਜਾਇਜ਼ ਤੌਰ 'ਤੇ ਵੜੀ ਉੱਤਰੀ ਕੋਰੀਆਈ ਕਿਸ਼ਤੀ ਨੂੰ ਵਾਪਸ ਭੇਜਦੇ ਸਮੇਂ ਇਹ ਹਾਦਸਾ ਹੋ ਗਿਆ। ਉੱਤਰੀ ਕੋਰੀਆਈ ਮਛੇਰੇ ਨਿੱਤ ਦਿਨ ਜਾਪਾਨ ਦੇ ਜਲ ਖੇਤਰ 'ਚ ਨਾਜਾਇਜ਼ ਤਰੀਕੇ ਨਾਲ ਵੜ ਜਾਂਦੇ ਹਨ। ਪਿਛਲੇ ਸਾਲ ਇਕ ਕਿਸ਼ਤੀ ਨਾਲ 10 ਉੱਤਰੀ ਕੋਰੀਆਈ ਮਛੇਰੇ ਫੜੇ ਗਏ ਸਨ। ਬਾਅਦ 'ਚ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਗਿਆ ਸੀ।