ਰਿਕਜਾਵਿਕ (ਏਜੰਸੀ) : ਜਲਵਾਯੂ ਪਰਿਵਰਤਨ ਕਾਰਨ ਗਲੇਸ਼ੀਅਰ 'ਓਕਜੋਕੁਲ' ਨੇ ਆਪਣੀ ਪਛਾਣ ਗੁਆ ਦਿੱਤੀ ਹੈ। ਜੀ ਹਾਂ, 'ਓਕਜੋਕੁਲ' ਹੁਣ ਗਲੇਸ਼ੀਅਰ ਨਹੀਂ ਰਿਹਾ, ਉਸ ਨੇ ਆਪਣਾ ਇਹ ਦਰਜਾ ਗੁਆ ਦਿੱਤਾ ਹੈ। ਇਥੇ ਅੰਤਰਰਾਸ਼ਟਰੀ ਸਮੇਂ ਅਨੁਸਾਰ ਦੁਪਹਿਰ ਦੋ ਵਜੇ ਇਕ ਸਮਾਗਮ 'ਚ ਕਾਂਸੀ ਦੀ ਮੂਰਤੀ ਤੋਂ ਪਰਦਾ ਚੁੱਕਿਆ ਜਾਵੇਗਾ, ਜਿਸ ਵਿਚ ਇਸ ਦੀ ਵਰਤਮਾਨ ਸਥਿਤੀ ਬਿਆਨ ਕਰਨ ਦੇ ਨਾਲ ਹੀ ਬਾਕੀ ਗਲੇਸ਼ੀਅਰ ਦੇ ਭਵਿੱਖ ਨੂੰ ਲੈ ਕੇ ਸੁਚੇਤ ਕੀਤਾ ਜਾਵੇਗਾ। ਇਸ 'ਤੇ ਲਿਖਿਆ ਹੋਵੇਗਾ, 'ਓਕ' ਆਪਣਾ ਗਲੇਸ਼ੀਅਰ ਦਾ ਦਰਜਾ ਗੁਆਉਣ ਵਾਲਾ ਆਈਸਲੈਂਡ ਦਾ ਪਹਿਲਾ ਗਲੇਸ਼ੀਅਰ ਹੈ। ਆਉਣ ਵਾਲੇ 200 ਸਾਲ 'ਚ ਸਾਡੇ ਸਾਰੇ ਗਲੇਸ਼ੀਅਰਾਂ ਦਾ ਇਹੀ ਹਾਲ ਹੋਣ ਦਾ ਖ਼ਦਸ਼ਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਦੇਖੀਏ ਕਿ ਕੀ ਹੋ ਰਿਹਾ ਹੈ ਅਤੇ ਕੀ ਕਰਨ ਦੀ ਲੋੜ ਹੈ।' ਆਈਸਲੈਂਡ ਦੀ ਪ੍ਰਧਾਨ ਮੰਤਰੀ ਕੈਟਰੀਨ ਜੈਕੋਬਸਦੋਤਿਰ, ਵਾਤਾਵਰਨ ਮੰਤਰੀ ਗੁਡਮੁੰਡੁਰ ਇਨਗੀ ਗੁਡਨ ਅਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦੇ ਕਮਿਸ਼ਨਰ ਮੇਰੀ ਰਾਬਿਨਸਨ ਵੀ ਇਸ ਸਮਾਗਮ 'ਚ ਸ਼ਾਮਲ ਹੋਣਗੇ। ਰਾਈਸ 'ਵਰਸਿਟੀ ਐਂਥ੍ਰਾਂ ਪੋਲਾਜੀ ਦੀ ਐਸੋਸੀਏਟ ਪ੍ਰੋ. ਸਾਏਮੀਨੀ ਹਾਵੇ ਨੇ ਜੁਲਾਈ 'ਚ ਹੀ ਇਸ ਦੀ ਸਥਿਤੀ ਨੂੰ ਲੈ ਕੇ ਜਾਣੂ ਕਰਵਾਇਆ ਸੀ। ਉਨ੍ਹਾਂ ਨੇ ਕਿਹਾ ਸੀ, 'ਵਿਸ਼ਵ 'ਚ ਜਲਵਾਯੂ ਪਰਿਵਰਤਨ ਦੇ ਕਾਰਨ ਆਪਣੀ ਪਛਾਣ ਗੁਆਉਣ ਵਾਲਾ ਇਹ ਪਹਿਲਾਂ ਗਲੇਸ਼ੀਅਰ ਹੋਵੇਗਾ।'