ਹਾਂਗਕਾਂਗ (ਰਾਇਟਰ) : ਫੇਸ ਮਾਸਕ 'ਤੇ ਰੋਕ ਲਾਉਣ ਦੇ ਸਰਕਾਰ ਦੇ ਫ਼ੈਸਲੇ ਨਾਲ ਹਾਂਗਕਾਂਗ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ। ਲੋਕਤੰਤਰ ਦੀ ਮੰਗ ਕਰ ਰਹੇ ਅੰਦੋਲਨਕਾਰੀ ਵਿਰੋਧ 'ਚ ਸ਼ੁੱਕਰਵਾਰ ਨੂੰ ਪੂਰੀ ਰਾਤ ਸੜਕਾਂ 'ਤੇ ਰਹੇ ਅਤੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਮੈਟਰੋ ਸਟੇਸ਼ਨ ਅਤੇ ਵਪਾਰਕ ਅਦਾਰੇ ਸਾੜ ਦਿੱਤੇ ਗਏ ਹਨ, ਕਈ ਥਾਵਾਂ 'ਤੇ ਚੀਨ ਦਾ ਝੰਡਾ ਸਾੜਿਆ ਗਿਆ ਅਤੇ ਪੁਲਿਸ 'ਤੇ ਪਥਰਾਅ ਤੇ ਪੈਟਰੋਲ ਬੰਬ ਵੀ ਸੁੱਟੇ ਗਏ। ਪੁਲਿਸ ਦੀ ਗੋਲ਼ੀ ਨਾਲ 14 ਵਰਿ੍ਆਂ ਦੇ ਪ੍ਰਦਰਸ਼ਨਕਾਰੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸ਼ਨਿਚਰਵਾਰ ਨੂੰ ਮੈਟਰੋ ਰੇਲ ਸਿਸਟਮ ਬੰਦ ਰੱਖਿਆ ਗਿਆ। ਪਬਲਿਕ ਟਰਾਂਸਪੋਰਟ ਸਿਸਟਮ ਵੀ ਠੱਪ ਰਿਹਾ। ਜ਼ਿਆਦਾਤਰ ਦੁਕਾਨਾਂ, ਵਪਾਰਕ ਅਦਾਰੇ ਅਤੇ ਬੈਂਕ ਬੰਦ ਰਹੇ।

ਚੀਨ ਦੀ ਸੀਨੀਅਰ ਪ੍ਰਤੀਨਿਧੀ ਕੈਰੀ ਲੈਮ ਨੇ ਸ਼ੁੱਕਰਵਾਰ ਨੂੰ ਫੇਸ ਮਾਸਕ ਪਹਿਨਣ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਬਸਤੀਵਾਦੀ ਕਾਲ ਦੀ ਇਸ ਬਿ੍ਟਿਸ਼ ਪਾਬੰਦੀ ਨੂੰ 50 ਸਾਲ ਵਿਚ ਪਹਿਲੀ ਵਾਰ ਸ਼ਨਿਚਰਵਾਰ ਤੋਂ ਲਾਗੂ ਕੀਤਾ ਗਿਆ। ਲੋਕਤੰਤਰ ਦੀ ਮੰਗ ਵਾਲੇ ਅੰਦੋਲਨ ਦੀ ਪਛਾਣ ਬਣ ਚੁੱਕੇ ਫੇਸ ਮਾਸਕ ਲਾਉਣ 'ਤੇ ਰੋਕ ਦੇ ਆਦੇਸ਼ ਨਾਲ ਅੰਦੋਲਨਕਾਰੀ ਭੜਕ ਪਏ।

ਸ਼ੁੱਕਰਵਾਰ ਦੀ ਸ਼ਾਮ ਨੂੰ ਹੀ ਉਹ ਫੇਸ ਮਾਸਕ ਲਗਾ ਕੇ ਸੜਕਾਂ 'ਤੇ ਉਤਰੇ ਤਾਂ ਸ਼ਨਿਚਰਵਾਰ ਤਕ ਉਥੇ ਡਟੇ ਰਹੇ। ਕਾਊਜ ਵੇ ਬੇਅ ਤੋਂ ਸ਼ੁਰੂ ਹੋਏ ਇਕ ਵੱਡੇ ਜਲੂਸ ਵਿਚ ਸ਼ਾਮਲ ਸੂ (22) ਨੇ ਕਿਹਾ, ਅੱਗੇ ਕੀ ਹੋਵੇਗਾ, ਸਾਨੂੰ ਨਹੀਂ ਪਤਾ। ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਨੂੰ ਮਾਸਕ ਪਾ ਕੇ ਆਪਣੇ ਮੂਲ ਅਧਿਕਾਰਾਂ ਪ੍ਰਤੀ ਜਾਗਰੂਕਤਾ ਦਿਖਾਉਣੀ ਹੋਵੇਗੀ। ਸੂ ਖ਼ੁਦ ਕਾਲਾ ਮਾਸਕ ਅਤੇ ਚਸ਼ਮਾ ਪਹਿਨੇ ਹੋਏ ਸੀ। ਸ਼ੁੱਕਰਵਾਰ ਦੀ ਰਾਤ ਅਤੇ ਸ਼ਨਿਚਰਵਾਰ ਨੂੰ ਤੜਕੇ ਅੰਦੋਲਨਕਾਰੀਆਂ ਨੇ ਹਾਂਗਕਾਂਗ ਵਿਚ ਵੱਡੇ ਪੱਧਰ 'ਤੇ ਭੰਨਤੋੜ ਕੀਤੀ। ਕੈਰੀ ਲੈਮ ਨੇ ਟੈਲੀਵਿਜ਼ਨ 'ਤੇ ਆਪਣੇ ਸੰਬੋਧਨ ਵਿਚ ਇਸ ਨੂੰ ਭਿਆਨਕ ਹਿੰਸਾ ਕਿਹਾ ਹੈ। ਉਨ੍ਹਾਂ ਕਿਹਾ ਕਿ ਦੰਗਾਕਾਰੀਆਂ ਨੇ ਆਪਣੇ ਹਮਲਾਵਰ ਵਿਵਹਾਰ ਨਾਲ ਸ਼ੁੱਕਰਵਾਰ ਦੀ ਰਾਤ ਨੂੰ ਹਾਂਗਕਾਂਗ ਲਈ ਕਾਲੀ ਰਾਤ ਸਾਬਤ ਕੀਤਾ।

ਹਿੰਸਾਤਮਕ ਅੰਦੋਲਨ ਦੇ ਕਾਰਨ ਮੈਟਰੋ ਰੇਲ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਸੇਵਾ ਦੀ ਰੋਜ਼ਾਨਾ 50 ਲੱਖ ਲੋਕ ਵਰਤੋਂ ਕਰਦੇ ਹਨ। ਅੰਦੋਲਨਕਾਰੀਆਂ ਵੱਲੋਂ ਇਕ ਸਟੇਸ਼ਨ ਨੂੰ ਸਾੜ ਦੇਣ ਤੋਂ ਬਾਅਦ ਅਧਿਕਾਰੀਆਂ ਨੇ ਸੇਵਾ ਬੰਦ ਕਰਨ ਦਾ ਫ਼ੈਸਲਾ ਲਿਆ। ਸਾੜ-ਫੂਕ ਦੀ ਘਟਨਾ ਵਿਚ ਦੋ ਮੁਲਾਜ਼ਮ ਜ਼ਖ਼ਮੀ ਹੋਏ ਹਨ। ਮੈਟਰੋ ਦੇ ਬੰਦ ਰਹਿਣ ਨਾਲ ਹਜ਼ਾਰਾਂ ਲੋਕ ਪੈਦਲ ਲੰਬਾ ਸਫ਼ਰ ਕਰਦੇ ਦੇਖੇ ਗਏ।