ਹਾਂਗਕਾਂਗ (ਰਾਇਟਰ) : ਹਾਂਗਕਾਂਗ 'ਚ ਐਤਵਾਰ ਨੂੰ ਵੀ ਪੁਲਿਸ ਤੇ ਮੁਜ਼ਾਹਰਾਕਾਰੀਆਂ ਦਰਮਿਆਨ ਭਿਆਨਕ ਟਕਰਾਅ ਹੋਇਆ। ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਪਾਣੀ ਦੀ ਬੁਛਾਰ ਤੇ ਅੱਥਰੂ ਗੈਸ ਦੇ ਗੋਲ਼ੇ ਛੱਡੇ ਤਾਂ ਮੁਜ਼ਾਹਰਾਕਾਰੀਆਂ ਨੇ ਜੰਮ ਕੇ ਪਥਰਾਅ ਕੀਤਾ। ਪੁਲਿਸ 'ਤੇ ਛੇ ਪੈਟਰੋਲ ਬੰਬ ਵੀ ਸੁੱਟੇ ਗਏ। ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਤਿੰਨ ਮਹੀਨੇ ਦੇ ਅੰਦੋਲਨ 'ਚ ਪੁਲਿਸ ਨੇ ਪਹਿਲੀ ਵਾਰ ਮੁਜ਼ਾਹਰਾਕਾਰੀਆਂ 'ਤੇ ਪਾਣੀ ਦੀ ਤੇਜ ਬੁਛਾਰ ਕੀਤੀ ਹੈ।

ਚੀਨੀ ਸ਼ਾਸਨ ਵਾਲੇ ਹਾਂਗਕਾਂਗ 'ਚ ਪ੍ਰਸ਼ਾਸਨ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਿਹਾ ਹੈ ਪਰ ਉਹ ਸਭ ਅਸਫਲ ਹੋ ਰਹੀਆਂ ਹਨ। ਐਤਵਾਰ ਨੂੰ ਸ਼ਹਿਰ 'ਚ ਚੱਲਣ ਵਾਲੀ ਐੱਮਟੀਆਰ ਰੇਲ ਸੇਵਾ ਦੇ ਕਈ ਰੂਟ ਰੱਦ ਕਰ ਦਿੱਤੇ ਗਏ, ਇਸਦੇ ਬਾਵਜੂਦ ਨੌਜਵਾਨ ਹੋਰ ਸਾਧਨਾਂ ਰਾਹੀਂ ਸਟੇਡੀਅਮ 'ਚ ਇਕੱਤਰ ਹੋਏ ਤੇ ਸਰਕਾਰ ਵਿਰੋਧੀ ਮਾਰਚ ਕੀਤਾ। ਸਰਕਾਰੀ ਜਾਇਦਾਦਾਂ ਦੀ ਤੋੜਭੰਨ ਕਰਦੇ ਹੋਏ ਅੱਗੇ ਵਧ ਰਹੇ ਨੌਜਵਾਨਾਂ ਨੇ ਪੁਲਿਸ ਨੂੰ ਰੋਕਣ ਲਈ ਕਈ ਸਥਾਨਾਂ 'ਤੇ ਸੜਕਾਂ 'ਤੇ ਡਿਟਰਜੈਂਟ ਵੀ ਫੈਲਾ ਦਿੱਤਾ ਜਿਸ ਨਾਲ ਰਸਤਿਆਂ 'ਚ ਤਿਲਕਣ ਪੈਦਾ ਹੋ ਗਈ। ਜਦੋਂ ਪੁਲਿਸ ਨੇ ਮੁਜ਼ਾਹਰਾਕਾਰੀਆਂ ਦੇ ਇਕ ਜੱਥੇ ਨੂੰ ਇਹ ਸਭ ਕਰਨ ਤੋਂ ਰੋਕਿਆ ਤਾਂ ਟਕਰਾਅ ਹੋ ਗਿਆ। ਪਰ ਜ਼ਿਆਦਾਤਰ ਮੁਜ਼ਾਹਰਾਕਾਰੀ ਟਕਰਾਅ ਤੋਂ ਦੂਰ ਰਹੇ ਤੇ ਉਨ੍ਹਾਂ ਆਪਣੀਆਂ ਮੰਗਾਂ ਦੇ ਸਮਰਥਨ 'ਚ ਨਾਅਰੇ ਲਾਉਂਦੇ ਹੋਏ ਮਾਰਚ ਪੂਰਾ ਕੀਤਾ।

ਮਾਰਚ 'ਚ ਸ਼ਾਮਲ 53 ਸਾਲਾ ਐੱਮ ਸੁੰਗ ਸਾਫਟਵੇਅਰ ਇੰਜੀਨੀਅਰ ਹਨ। ਉਹ ਅੰਦੋਲਨ 'ਚ ਸ਼ੁਰੂ ਤੋਂ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਨਹੀਂ ਤਾਂ ਕਦੀ ਨਹੀਂ। ਜੇਕਰ ਅਸੀਂ ਨਹੀਂ ਜਾਗੇ ਤਾਂ ਚੀਨ ਦੀ ਕਮਿਊਨਿਸਟ ਪਾਰਟੀ ਸਾਡੀਆਂ ਸਾਰੀਆਂ ਚੀਜ਼ਾਂ 'ਤੇ ਕੰਟਰੋਲ ਕਰ ਲਵੇਗੀ ਤੇ ਫਿਰ ਅਸੀਂ ਕੁਝ ਨਹੀਂ ਕਰ ਸਕਾਂਗੇ। ਅਸੀਂ ਨਿਆਂ ਤੇ ਲੋਕਤੰਤਰ ਲਈ ਲੜਾਈ ਜਾਰੀ ਰੱਖਾਂਗੇ। ਜ਼ਿਕਰਯੋਗ ਹੈ ਕਿ 1997 'ਚ ਬਰਤਾਨਵੀ ਉਪਨਿਵੇਸ਼ ਤੋਂ ਮੁਕਤ ਹੋ ਕੇ ਹਾਂਗਕਾਂਗ ਚੀਨ ਦਾ ਹਿੱਸਾ ਬਣਿਆ ਹੈ। ਸੀਮਿਤ ਖ਼ੁਦਮੁਖ਼ਤਾਰੀ ਵਾਲੇ ਹਾਂਗਕਾਂਗ ਦੇ ਨਿਵਾਸੀ ਹੋਰ ਜ਼ਿਆਦਾ ਆਜ਼ਾਦੀ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਅੰਦੋਲਨ ਛੇੜਿਆ ਹੋਇਆ ਹੈ। ਅੰਦੋਲਨ ਨੂੰ ਦਬਾਉਣ ਲਈ ਪੁਲਿਸ ਨੇ ਗੰਭੀਰ ਧਾਰਾਵਾਂ 'ਚ 700 ਤੋਂ ਵੱਧ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਪਰ ਅੰਦੋਲਨਕਾਰੀਆਂ ਦਾ ਹੌਸਲਾ ਘੱਟ ਨਹੀਂ ਹੋਇਆ ਹੈ।