ਮਾਸਕੋ (ਏਐੱਫਪੀ) : ਪੌਣ-ਪਾਣੀ ਤਬਦੀਲੀ ਦੇ ਸੰਕਟ 'ਤੇ ਆਪਣੇ ਭਾਸ਼ਣ ਨਾਲ ਪੂਰੀ ਦੁਨੀਆ ਨੂੰ ਝੰਜੋੜਨ ਵਾਲੀ ਗ੍ਰੇਟਾ ਥਰਨਬਰਗ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਆਲੋਚਨਾ ਦਾ ਅਨੋਖੇ ਢੰਗ ਨਾਲ ਜਵਾਬ ਦਿੱਤਾ ਹੈ। ਇਸ ਹਫ਼ਤੇ ਮਾਸਕੋ 'ਚ ਹੋਏ ਸੰਮੇਲਨ 'ਚ ਪੁਤਿਨ ਨੇ ਕਿਹਾ ਸੀ ਕਿ ਗ੍ਰੇਟਾ ਜ਼ਰੂਰ ਇਕ ਦਿਆਲੂ ਤੇ ਨੇਕ ਲੜਕੀ ਹੈ, ਪਰ ਸ਼ਾਇਦ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਨਹੀਂ ਕਿ ਦੁਨੀਆ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਇਸ ਦੇ ਜਵਾਬ 'ਚ ਸਵੀਡਨ ਨਾਲ ਤਾਲੁੱਕ ਰੱਖਣ ਵਾਲੀ 16 ਸਾਲਾ ਵਾਤਾਵਰਨ ਵਰਕਰ ਨੇ ਮਾਈਕ੍ਰੋਬਲਾਗਿੰਗ ਸਾਈਟ 'ਤੇ ਆਪਣੀ ਬਾਇਓਗ੍ਰਾਫੀ ਬਦਲ ਦਿੱਤੀ। ਆਪਣੇ ਨਵੇਂ ਬਾਇਓ 'ਚ ਉਨ੍ਹਾਂ ਲਿਖਿਆ ਹੈ, 'ਇਕ ਦਿਆਲੂ, ਪਰ ਘੱਟ ਜਾਣਕਾਰੀ ਵਾਲੀ ਨਾਬਾਲਿਗ।'

ਬੀਤੇ ਮਹੀਨੇ ਸੰਯੁਕਤ ਰਾਸ਼ਟਰ 'ਚ ਗ੍ਰੇਟਾ ਨੇ ਪੌਣ-ਪਾਣੀ ਸੰਕਟ 'ਤੇ ਕੁਝ ਨਾ ਕਰਨ ਲਈ ਦੁਨੀਆ ਭਰ ਦੇ ਆਗੂਆਂ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਸੀ। ਉਨ੍ਹਾਂ ਨੇ ਆਗੂਆਂ 'ਤੇ ਉਨ੍ਹਾਂ ਦਾ ਬਚਪਨ ਤੇ ਸੁਪਨੇ ਖੋਹਣ ਦਾ ਦੋਸ਼ ਲਗਾਇਆ ਸੀ। ਇਸ ਬਿਆਨ ਨੂੰ ਲੈ ਕੇ ਬੁੱਧਵਾਰ ਨੂੰ ਪੁਤਿਨ ਨੇ ਕਿਹਾ ਕਿ ਉਹ ਗ੍ਰੇਟਾ ਦੇ ਭਾਸ਼ਣ 'ਤੇ ਹੋਰਨਾਂ ਜਿਹਾ ਮਹਿਸੂਸ ਨਹੀਂ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਾਤਾਵਰਨ ਦੇ ਮੁੱਦੇ 'ਤੇ ਆਵਾਜ਼ ਉਠਾਉਣ ਵਾਲੇ ਨੌਜਵਾਨ ਤਾਰੀਫ਼ ਦੇ ਹੱਕਦਾਰ ਹਨ। ਨਾਲ ਹੀ ਸ਼ੰਕਾ ਪ੍ਰਗਟਾਈ ਕਿ ਕੁਝ ਲੋਕ ਆਪਣੇ ਫਾਇਦੇ ਲਈ ਉਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ। ਗ੍ਰੇਟਾ ਨੇ ਆਪਣਾ ਬਾਇਓ ਬਦਲ ਕੇ ਉਨ੍ਹਾਂ ਨੂੰ ਜਵਾਬ ਦੇ ਦਿੱਤਾ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਗ੍ਰੇਟਾ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਟਵੀਟ ਕੀਤਾ ਸੀ, 'ਉਹ ਇਕ ਬਹੁਤ ਹੀ ਖ਼ੁਸ਼ ਯੁਵਾ ਕੜੀ ਲਗਦੀ ਹੈ, ਜਿਸ ਨੂੰ ਉਜਵਲ ਭਵਿੱਖ ਦੀ ਉਡੀਕ ਹੈ।' ਇਸ ਦੇ ਜਵਾਬ 'ਚ ਵੀ ਗ੍ਰੇਟਾ ਨੇ ਆਪਣਾ ਟਵਿੱਟਰ ਬਾਇਓ ਬਦਲ ਦਿੱਤਾ ਸੀ ਉਦੋਂ ਉਨ੍ਹਾਂ ਲਿਖਿਆ ਸੀ, 'ਬਹੁਤ ਖ਼ੁਸ਼ ਲੜਕੀ ਜੋ ਉਜਵਲ ਭਵਿੱਖ ਦੀ ਉਡੀਕ 'ਚ ਹੈ।' ਦੱਸਣਯੋਗ ਹੈ ਕਿ ਟਵਿੱਟਰ 'ਤੇ ਗ੍ਰੇਟਾ ਦੇ 27 ਲੱਖ ਫਾਲੋਅਰ ਹਨ ਤੇ ਉਹ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ।

ਆਪਣੀ ਮੰਗ ਲੈ ਕੇ ਆਯੋਵਾ ਪੁੱਜੀ ਗ੍ਰੇਟਾ

ਦੁਨੀਆ ਭਰ ਦੇ ਆਗੂਆਂ ਤੋਂ ਪੌਣ-ਪਾਣੀ ਸੰਕਟ 'ਤੇ ਸਖ਼ਤ ਕਦਮ ਚੁੱਕਣ ਦੀ ਮੰਗ ਕਰ ਰਹੀ ਗ੍ਰੇਟਾ ਸ਼ੁੱਕਰਵਾਰ ਨੂੰ ਆਯੋਵਾ ਸਿਟੀ ਪੁੱਜੀ। ਦਸੰਬਰ 'ਚ ਚਿਲੀ 'ਚ ਹੋਣ ਵਾਲੇ ਪੌਣ-ਪਾਣੀ ਸੰਮੇਲਨ ਤੋਂ ਪਹਿਲਾਂ ਉਹ ਵਾਤਾਵਰਨ ਸੰਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਉੱਤਰੀ ਅਮਰੀਕਾ ਦੀ ਯਾਤਰਾ 'ਤੇ ਹੈ। ਇਸਦੇ ਮੱਦੇਨਜ਼ਰ ਉਹ ਆਯੋਵਾ ਸਿਟੀ ਪੁੱਜੀ ਹੈ। 2020 'ਚ ਹੋਣ ਵਾਲੀ ਅਮਰੀਕਾ ਦੀ ਰਾਸ਼ਟਰਪਤੀ ਚੋਣ ਆਯੋਵਾ ਤੋਂ ਹੀ ਸ਼ੁਰੂ ਹੋਣ ਵਾਲੀ ਹੈ।