ਸਾਨ ਫਰਾਂਸਿਸਕੋ (ਆਈਏਐੱਨਐੱਸ) : ਗੂਗਲ ਦੇ ਕੁਝ ਮੁਲਾਜ਼ਮਾਂ ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਦਫ਼ਤਰ 'ਚ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਕ ਕੈਲੰਡਰ ਐਪ ਰਾਹੀਂ ਬ੍ਰਾਊਜ਼ਰ ਐਕਸਟੈਂਸ਼ਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਕੈਲੰਡਰ ਇਵੈਂਟ ਕ੍ਰਿਏਟ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਬਾਰੇ ਤਤਕਾਲ ਪਤਾ ਲੱਗ ਜਾਵੇਗਾ। ਇਸ ਨੂੰ ਮੁਲਾਜ਼ਮਾਂ ਦੀ ਜਾਸੂਸੀ ਮੰਨਿਆ ਜਾ ਰਿਹਾ ਹੈ, ਕਿਉਂਕਿ ਕੰਪਨੀ ਨਹੀਂ ਚਾਹੁੰਦੀ ਕਿ ਉਸਦੇ ਖ਼ਿਲਾਫ਼ ਕੋਈ ਸੰਗਠਿਤ ਸਰਗਰਮੀ ਹੋਵੇ।

ਕੰਪਨੀ ਪਹਿਲਾਂ ਹੀ ਕਈ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ, ਜਿਨ੍ਹਾਂ 'ਚ ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਦੇ ਕਾਂਡਾਂ ਖ਼ਿਲਾਫ਼ ਪੂਰੀ ਦੁਨੀਆ 'ਚ ਮੁਲਾਜ਼ਮਾਂ ਦੇ ਕੰਮ ਬਾਈਕਾਟ ਤੇ ਵਿਰੋਧ ਦੀਆਂ ਘਟਨਾਵਾਂ ਸ਼ਾਮਲ ਹਨ। ਅਜਿਹੇ ਹਾਲਾਤ 'ਚ ਕੰਪਨੀ ਅਧਿਕਾਰਕ ਮੇਲ ਨੂੰ ਲੈ ਕੇ ਵੀ ਕਾਫ਼ੀ ਚੌਕਸ ਹੈ। ਉਹ ਮੇਲ ਰਾਹੀਂ ਮੁਲਾਜ਼ਮਾਂ ਨੂੰ ਵਿਰੋਧ ਦੇ ਸਮਾਗਮਾਂ ਲਈ ਇਕਜੁੱਟ ਕਰਨ ਦੇ ਯਤਨਾਂ ਨੂੰ ਰੋਕਣਾ ਚਾਹੁੰਦੀ ਹੈ। ਕੰਪਨੀ ਨੇ ਹਾਲੇ ਇਸ ਮਾਮਲੇ 'ਚ ਆਪਣੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।