ਵੀਲਨ (ਏਐੱਫਪੀ) : ਜਰਮਨੀ ਦੇ ਰਾਸ਼ਟਰਪਤੀ ਫਰੈਂਕ ਵਾਲਟਰ ਸਟੀਨਮਾਇਰ ਨੇ ਦੂਜੀ ਸੰਸਾਰ ਜੰਗ ਦੌਰਾਨ ਹੋਏ ਨੁਕਸਾਨ ਲਈ ਪੋਲੈਂਡ ਤੋਂ ਮਾਫ਼ੀ ਮੰਗੀ ਹੈ। ਪੋਲੈਂਡ ਦੇ ਵੀਲਨ ਸ਼ਹਿਰ 'ਚ ਕਰਵਾਏ ਸਮਾਰੋਹ ਨੂੰ ਜਰਮਨ ਤੇ ਪੋਲਿਸ਼ ਭਾਸ਼ਾ 'ਚ ਸੰਬੋਧਨ ਕਰਦਿਆਂ ਸਟੀਨਮਾਇਰ ਨੇ ਕਿਹਾ, 'ਮੈਂ ਇਸ ਸ਼ਹਿਰ 'ਚ ਹੋਏ ਹਮਲੇ ਦੇ ਪੀੜਤਾਂ ਸਾਹਮਣੇ ਸਿਰ ਝੁਕਾਉਂਦਾ ਹਾਂ। ਮੈਂ ਜਰਮਨੀ ਦੇ ਅੱਤਿਆਚਾਰ ਤੋਂ ਪੀੜਤ ਪੋਲੈਂਡ ਪਾਸੀਆਂ ਸਾਹਮਣੇ ਸਿਰ ਝੁਕਾਉਂਦਾ ਹਾਂ ਤੇ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ।'

80 ਸਾਲ ਪਹਿਲਾਂ ਦੂਜੀ ਸੰਸਾਰ ਜੰਗ 'ਚ ਸਭ ਤੋਂ ਪਹਿਲਾ ਬੰਬ ਪੋਲੈਂਡ ਦੇ ਵੀਲਨ ਸ਼ਹਿਰ 'ਚ ਹੀ ਸੁੱਟਿਆ ਗਿਆ ਸੀ। 1939 ਤੋਂ 1945 ਤਕ ਚੱਲੀ ਦੂਜੀ ਸੰਸਾਰ ਜੰਗ ਦੌਰਾਨ ਕਰੀਬ ਪੰਜ ਕਰੋੜ ਲੋਕਾਂ ਦੀ ਮੌਤ ਹੋਈ ਸੀ। ਇਕੱਲੇ ਪੋਲੈਂਡ 'ਚ 60 ਲੱਖ ਲੋਕਾਂ ਦੀ ਜਾਨ ਗਈ ਸੀ। ਸਟੀਨਮਾਇਰ ਨੇ ਕਿਹਾ, 'ਉਹ ਜਰਮਨ (ਨਾਜੀ) ਸਨ ਜਿਨ੍ਹਾਂ ਨੇ ਪੋਲੈਂਡ 'ਚ ਮਾਨਵਤਾ ਖ਼ਿਲਾਫ਼ ਅਪਰਾਧ ਕੀਤੇ। ਜਰਮਨੀ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਘਟਨਾਵਾਂ ਨੂੰ ਨਹੀਂ ਭੁੱਲਾਂਗੇ। ਅਸੀਂ ਇਤਿਹਾਸ ਵੱਲੋਂ ਸਾਡੇ 'ਤੇ ਥੋਪੀਆਂ ਗਈਆਂ ਜ਼ਿੰਮੇਵਾਰੀਆਂ ਲੈਣ ਨੂੰ ਤਿਆਰ ਹਾਂ।' ਦੂਜੀ ਸੰਸਾਰ ਜੰਗ ਦੀ ਬਰਸੀ ਮੌਕੇ ਕਰਵਾਏ ਇਸ ਪ੍ਰਰੋਗਰਾਮ 'ਚ ਪੋਲੈਂਡ ਦੇ ਰਾਸ਼ਟਰਪਤੀ ਵੀ ਮੌਜੂਦ ਸਨ। ਉਨ੍ਹਾਂ ਨਾਜ਼ੀਆਂ ਵੱਲੋਂ ਪੋਲੈਂਡ 'ਤੇ ਕੀਤੇ ਗਏ ਹਮਲੇ ਨੂੰ ਕਰੂਰਤਾ ਵਾਲਾ ਕੰਮ ਦੱਸਿਆ।