ਦੁਬਈ (ਪੀਟੀਆਈ) : ਕੋਰੋਨਾ ਸੰਕਟ ਦੇ ਇਸ ਦੌਰ ਵਿਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸਿਹਤ ਕਰਮਚਾਰੀਆਂ ਦੀ ਮਦਦ ਲਈ ਭਾਰਤ ਤੋਂ 88 ਨਰਸਾਂ ਦੀ ਪਹਿਲੀ ਟੀਮ ਦੁਬਈ ਪੁੱਜ ਗਈ ਹੈ। ਆਈਸੀਯੂ ਵਿਚ ਕੰੰਮ ਕਰਨ ਦਾ ਅਨੁਭਵ ਰੱਖਣ ਵਾਲੀਆਂ ਇਹ ਨਰਸਾਂ 14 ਦਿਨਾਂ ਤਕ ਕੁਆਰੰਟਾਈਨ ਵਿਚ ਰਹਿਣਗੀਆਂ ਅਤੇ ਇਸ ਦੇ ਬਾਅਦ ਵੱਖ-ਵੱਖ ਹਸਪਤਾਲਾਂ ਵਿਚ ਜ਼ਰੂਰਤ ਅਨੁਸਾਰ ਇਨ੍ਹਾਂ ਦੀ ਤਾਇਨਾਤੀ ਕੀਤੀ ਜਾਵੇਗੀ। ਯੂਏਈ ਦੇ ਸਿਹਤ ਮੰਤਰਾਲੇ ਅਨੁਸਾਰ ਸ਼ਨਿਚਰਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ 624 ਨਵੇਂ ਮਾਮਲਿਆਂ ਦਾ ਪਤਾ ਲੱਗਾ। ਦੇਸ਼ ਵਿਚ ਕੁਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 17,417 ਹੋ ਗਈ ਹੈ। 24 ਘੰਟੇ ਵਿਚ 11 ਲੋਕਾਂ ਦੀ ਮੌਤ ਪਿੱਛੋਂ ਮਹਾਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 185 ਹੋ ਗਈ ਹੈ।


ਸਥਾਨਕ ਅਖ਼ਬਾਰ 'ਖਲੀਜ ਟਾਈਮਜ਼' ਅਨੁਸਾਰ ਕੇਰਲ, ਕਰਨਾਟਕ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਐਸਟਰ ਡੀਐੱਮ ਹੈਲਥਕੇਅਰ ਹਸਪਤਾਲ ਦੀਆਂ ਇਨ੍ਹਾਂ ਨਰਸਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਸ਼ਨਿਚਰਵਾਰ ਨੂੰ ਦੁਬਈ ਹਵਾਈ ਅੱਡੇ 'ਤੇ ਪੁੱਜਾ। ਯੂਏਈ ਵਿਚ ਭਾਰਤ ਦੇ ਰਾਜਦੂਤ ਪਵਨ ਕਪੂਰ ਨੇ ਕਿਹਾ ਕਿ ਇਸ ਪਹਿਲ ਨਾਲ ਭਾਰਤ ਅਤੇ ਯੂਏਈ ਨੇ ਦਿਖਾ ਦਿੱਤਾ ਕਿ ਕਿਵੇਂ ਇਕ ਰਣਨੀਤਕ ਭਾਈਵਾਲੀ ਮਹਾਮਾਰੀ ਦੇ ਦੌਰ ਵਿਚ ਠੋਸ ਸਹਿਯੋਗ ਵਿਚ ਤਬਦੀਲ ਹੋ ਸਕਦੀ ਹੈ। ਜ਼ਰੂਰਤ ਸਮੇਂ ਦੋਸਤ ਦੀ ਮਦਦ ਕਰਨਾ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੀ ਮਿਸਾਲ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚਲੀ ਆ ਰਹੀ ਦੋਸਤੀ ਹੋਰ ਮਜ਼ਬੂਤ ਹੋਵੇਗੀ।


ਟੀਮ ਵਿਚ ਸ਼ਾਮਲ ਨਰਸਾਂ ਨੇ ਵੀ ਇਸ ਮੁਹਿੰਮ ਦਾ ਹਿੱਸਾ ਬਣਨ 'ਤੇ ਖ਼ੁਸ਼ੀ ਪ੍ਰਗਟ ਕੀਤੀ ਹੈ। ਨਰਸ ਦੀਪਿਕਾ ਸੂਰਜ ਖਵਲੇ ਨੂੰ ਤਾਂ ਇਸ ਟੀਮ ਦਾ ਹਿੱਸਾ ਬਣਨ ਲਈ ਆਪਣੇ ਦੋ ਸਾਲ ਦੇ ਬੱਚੇ ਨੂੰ ਭਾਰਤ ਵਿਚ ਛੱਡਣਾ ਪਿਆ।

Posted By: Rajnish Kaur