ਸੈਨ ਫ੍ਰਾਂਸਸਿਸਕੋ : ਫੇਸਬੁੱਕ ਮੁਲਾਜ਼ਮ ਸਿਆਸੀ ਇਸ਼ਤਿਹਾਰ ਸਬੰਧੀ ਨੀਤੀ ਨੂੰ ਲੈ ਕੇ ਸੀਈਓ ਮਾਰਕ ਜ਼ੁਕਰਬਰਗ ਨਾਲ ਸਹਿਮਤ ਨਹੀਂ ਹਨ। ਫੇਸਬੁੱਕ ਦੇ ਸੈਂਕੜੇ ਮੁਲਾਜ਼ਮਾਂ ਨੇ ਦੁਨੀਆ ਦੀ ਇਸ ਦਿੱਗਜ ਸੋਸ਼ਲ ਨੈਟਵਰਕਿੰਗ ਕੰਪਨੀ ਦੇ ਸੀਈਓ ਜ਼ੁਕਰਬਰਗ ਤੇ ਹੋਰ ਪ੍ਰਮੁੱਖ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸਿਆਸੀ ਨੇਤਾਵਾਂ ਨੂੰ ਆਪਣੇ ਪੋਸਟ 'ਚ ਮਨਚਾਹੇ ਦਾਅਵੇ ਕਰਨ ਦੀ ਛੋਟ ਦੇਣ ਦੇ ਨਵੇਂ ਫੈਸਲੇ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਫੇਸਬੁੱਕ ਦੇ ਪ੍ਰਮੁੱਖ ਲੀਡਰਸ਼ਿਪ ਤੋਂ ਆਪਣੇ ਰੁਖ਼ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਨਿਊਯਾਰਕ ਟਾਈਮਜ਼ ਅਖ਼ਬਾਰ ਨੂੰ ਮਿਲੇ ਪੱਤਰ 'ਚ ਮੁਲਾਜ਼ਮਾਂ ਨੇ ਕਿਹਾ ਹੈ, 'ਸਿਆਸੀ ਇਸ਼ਤਿਹਾਰਾਂ 'ਤੇ ਫੇਸਬੁੱਕ ਦਾ ਨਵਾਂ ਰੁਖ਼ ਇਸ ਕੰਪਨੀ ਦੇ ਦਿ੍ਸ਼ਟੀਕੋਣ ਲਈ ਖਤਰਾ ਹੈ। ਅਸੀਂ ਇਸ ਨੀਤੀ ਦਾ ਸਖਤੀ ਨਾਲ ਵਿਰੋਧ ਕਰਦੇ ਹਨ।' ਇਹ ਪੱਤਰ ਪਿਛਲੇ ਦੋ ਹਫਤੇ ਤੋਂ ਕੰਪਨੀ ਦੇ ਇਕ ਸਾਫਟਵੇਅਰ ਪ੍ਰੋਗਰਾਮ 'ਤੇ ਦਿਖਾਈ ਦੇ ਰਿਹਾ ਹੈ। ਇਹ ਪ੍ਰੋਗਰਾਮ ਫੇਸਬੁੱਕ ਦੇ ਸਿਲੀਕਾਨ ਵੈਲੀ ਸਥਿਤ ਦਫਤਰ 'ਚ ਅੰਦਰੂਨੀ ਸੰਚਾਰ ਲਈ ਇਸਤੇਮਾਲ ਹੁੰਦਾ ਹੈ। ਇਸ 'ਤੇ ਫੇਸਬੁੱਕ ਦੇ ਢਾਈ ਸੌ ਤੋਂ ਜ਼ਿਆਦਾ ਮੁਲਾਜ਼ਮਾਂ ਦੇ ਦਸਤਖ਼ਤ ਹਨ। ਇਹ ਗਿਣਤੀ ਹਾਲਾਂਕਿ ਫੇਸਬੁੱਕ ਦੇ 35 ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮਾਂ ਦੇ ਲਿਹਾਜ਼ ਨਾਲ ਕਾਫ਼ੀ ਘੱਟ ਹੈ ਪਰ ਇਹ ਦਰਸਾਉਂਦਾ ਹੈ ਕਿ ਆਪਣੇ ਸਿਆਸੀ ਇਸ਼ਤਿਹਾਰਾਂ ਨੂੰ ਲੈ ਕੇ ਇਸ ਕੰਪਨੀ ਨੂੰ ਅੰਦਰੂਨੀ ਰੂਪ ਨਾਲ ਕਿਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

'ਸਿਆਸੀ ਭਾਸ਼ਣ 'ਤੇ ਰੋਕ ਨਹੀਂ ਲਗਾਉਣ ਲਈ ਵਚਨਬੱਧ'

ਫੇਸਬੁੱਕ ਦੀ ਤਰਜਮਾਨ ਬਰਟੀ ਥਾਮਸਨ ਨੇ ਕਿਹਾ, 'ਕੰਪਨੀ ਦੀ ਸੰਸਕ੍ਰਿਤੀ ਖੁੱਲ੍ਹੇਪਨ 'ਤੇ ਆਧਾਰਤ ਹੈ। ਇਸ ਲਈ ਅਸੀਂ ਇਸ ਮਹੱਤਵਪੂਰਣ ਵਿਸ਼ੇ 'ਤੇ ਆਪਣੇ ਮੁਲਾਜ਼ਮਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਸਿਆਸੀ ਭਾਸ਼ਣਾਂ 'ਤੇ ਰੋਕ ਨਹੀਂ ਲਗਾਉਣ ਲਈ ਵਚਨਬੱਧ ਹਨ ਅਤੇ ਅਸੀਂ ਸਿਆਸੀ ਇਸ਼ਤਿਹਾਰਾਂ 'ਚ ਪਾਰਦਰਸ਼ਿਤਾ ਲਿਆਉਣ ਲਈ ਹੋਰ ਕਦਮਾਂ ਦੀ ਭਾਲ ਕਰਨਾ ਜਾਰੀ ਰੱਖਾਂਗੇ।

ਇਸ ਐਲਾਨ ਦਾ ਹੋ ਰਿਹੈ ਵਿਰੋਧ

ਫੇਸਬੁੱਕ ਨੇ ਪਿਛਲੇ ਮਹੀਨੇ ਇਹ ਐਲਾਨ ਕੀਤਾ ਸੀ ਕਿ ਨੇਤਾਵਾਂ ਤੇ ਉਨ੍ਹਾਂ ਦੀ ਮੁਹਿੰਮ ਨਾਲ ਜੁੜੇ ਪੋਸਟ ਕਰੀਬ ਕੰਟਰੋਲ ਮੁਕਤ ਰਹਿਣਗੇ। ਜਦਕਿ ਇਸ ਕੰਪਨੀ ਦਾ ਪਹਿਲਾਂ ਇਸ ਤੋਂ ਉਲਟ ਰੁਖ਼ ਸੀ। ਫੇਸਬੁੱਕ ਨੇ ਪਹਿਲਾਂ ਭੁਗਤਾਨ ਵਾਲੇ ਸਿਆਸੀ ਇਸ਼ਤਿਹਾਰਾਂ 'ਤੇ ਰੋਕ ਲਗਾ ਰੱਖੀ ਸੀ।

ਟਰੰਪ ਦੇ ਇਸ਼ਤਿਹਾਰ ਨੂੰ ਹਟਾਉਣ ਤੋਂ ਕੀਤਾ ਇਨਕਾਰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਪਿਛਲੇ ਮਹੀਨੇ ਫੇਸਬੁੱਕ 'ਤੇ ਇਕ ਇਸ਼ਤਿਹਾਰ ਚਲਵਾਇਆ ਸੀ। ਇਸ ਵਿਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਉਮੀਦਵਾਰੀ ਪਾਉਣ ਦੀ ਦੌੜ 'ਚ ਸਭ ਤੋਂ ਅੱਗੇ ਮੰਨੇ ਜਾ ਰਹੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਦੇ ਬਾਰੇ ਝੂਠਾ ਦਾਅਵਾ ਕੀਤਾ ਗਿਆ ਸੀ। ਬਿਡੇਨ ਨੇ ਇਸ ਇਸ਼ਤਿਹਾਰ ਨੂੰ ਹਟਾਉਣ ਦੀ ਮੰਗ ਕੀਤੀ ਸੀ, ਪਰ ਫੇਸਬੁੱਕ ਨੇ ਮਨ੍ਹਾ ਕਰ ਦਿੱਤਾ ਸੀ। ਫੇਸਬੁੱਕ ਨੇ ਦਲੀਲ ਦਿੱਤੀ ਸੀ ਕਿ ਨੇਤਾਵਾਂ ਦੇ ਇਸ਼ਤਿਹਾਰ ਸਮਾਚਾਰ ਯੋਗ ਹਨ ਅਤੇ ਚਰਚਾ ਲਈ ਜ਼ਰੂਰੀ ਹਨ।