ਕੋਲੰਬੋ (ਪੀਟੀਆਈ) : ਸ੍ਰੀਲੰਕਾ 'ਚ ਈਸਟਰ ਵਾਲੇ ਦਿਨ ਚਰਚ ਤੇ ਹੋਟਲਾਂ 'ਚ ਕੀਤੇ ਗਏ ਆਤਮਘਾਤੀ ਧਮਾਕਿਆਂ 'ਚ ਸਥਾਨਕ ਅੱਤਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐੱਨਟੀਜੇ) ਦਾ ਸਰਗਨਾ ਜਹਿਰਾਨ ਕਾਸਿਮ ਵੀ ਸ਼ਾਮਲ ਸੀ। ਇਨ੍ਹਾਂ ਧਮਾਕਿਆਂ ਦੀ ਜਾਂਚ 'ਚ ਲੱਗੇ ਸ੍ਰੀਲੰਕਾਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਡੀਐੱਨਏ ਟੈਸਟ ਨਾਲ ਇਕ ਹਮਲੇ 'ਚ ਕਾਸਿਮ ਦੇ ਵੀ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ।

ਕਾਸਿਮ ਨੂੰ ਹੀ ਇਸ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਮੰਨਿਆ ਜਾ ਰਿਹਾ ਹੈ। ਉਸ ਨੇ ਖ਼ੁਦ ਇਕ ਹੋਰ ਅੱਤਵਾਦੀ ਨਾਲ ਮਿਲ ਕੇ 21 ਅਪ੍ਰੈਲ ਨੂੰ ਸ਼ਾਂਗਰੀ-ਲਾ ਹੋਟਲ 'ਚ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਸੀ। ਦੂਜੇ ਹਮਲਾਵਰ ਦੀ ਪਛਾਣ ਇਲਹਾਮ ਅਹਿਮਦ ਇਬ੍ਰਾਹਿਮ ਦੇ ਰੂਪ 'ਚ ਹੋਈ ਹੈ। ਦੋਵਾਂ ਨੂੰ ਹੋਟਲ ਦੇ ਸੀਸੀਟੀਵੀ ਫੁਟੇਜ 'ਚ ਵੇਖਿਆ ਗਿਆ ਸੀ। ਕਾਸਿਮ ਦੇ ਹਮਲੇ 'ਚ ਸ਼ਾਮਲ ਹੋਣ ਦੀ ਪੁਸ਼ਟੀ ਉਸ ਦੀ ਬੇਟੀ, ਪਤਨੀ ਤੇ ਭਰਾ ਤੋਂ ਪ੍ਰਰਾਪਤ ਡੀਐੱਨਏ ਦੇ ਨਮੂਨਿਆਂ ਦੇ ਮਿਲਾਨ ਤੋਂ ਕੀਤੀ ਗਈ। ਪਿਛਲੇ ਮਹੀਨੇ ਈਸਟਰ ਵਾਲੇ ਦਿਨ ਸ੍ਰੀਲੰਕਾ ਦੇ ਤਿੰਨ ਚਰਚ ਤੇ ਕਈ ਹੋਟਲਾਂ 'ਚ ਕੀਤੇ ਗਏ ਆਤਮਘਾਤੀ ਧਮਾਕਿਆਂ 'ਚ 250 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।