ਬੀਜਿੰਗ (ਪੀਟੀਆਈ) : ਸਾਮਰਿਕ ਖੇਤਰ 'ਚ ਅਹਿਮ ਕਦਮ ਵਧਾਉਂਦੇ ਹੋਏ ਚੀਨ ਨੇ ਪੰਜ ਸੌ ਕਿੱਲੋ ਤੋਂ ਵੱਧ ਵਜ਼ਨੀ ਸਾਮਾਨ ਲਿਜਾਣ 'ਚ ਸਮਰੱਥ ਇਕ ਮਨੁੱਖ ਰਹਿਤ ਕਾਰਗੋ ਜਹਾਜ਼ ਦਾ ਸਫਲ ਤਜਰਬਾ ਕੀਤਾ ਹੈ। ਤਜਰਬੇ ਤਹਿਤ ਚੀਨ ਦੀ ਫ਼ੌਜ ਨੇ ਮਨੁੱਖ ਰਹਿਤ ਜਹਾਜ਼ ਰਾਹੀਂ 500 ਕਿੱਲੋ ਤੋਂ ਵੀ ਵੱਧ ਵਜ਼ਨ ਦੇ ਫ਼ੌਜੀ ਸਾਜ਼ੋ ਸਾਮਾਨ ਨੂੰ 500 ਕਿਲੋਮੀਟਰ ਦੂਰ ਮੁਸ਼ਕਲ ਪਠਾਰੀ ਖੇਤਰ ਸਥਿਤ ਮੰਜ਼ਿਲ ਤਕ ਸਫਲਤਾ ਨਾਲ ਪਹੁੰਚਾਇਆ। ਸਰਕਾਰੀ ਟੀਵੀ ਚੈਨਲ ਵੱਲੋਂ ਸੋਮਵਾਰ ਨੂੰ ਪ੍ਰਸਾਰਿਤ ਰਿਪੋਰਟ ਮੁਤਾਬਕ, ਜਹਾਜ਼ ਤੋਂ ਸਾਮਾਨ ਨੂੰ ਹੇਠਾਂ ਉਤਾਰਣ ਲਈ ਪੈਰਾਸ਼ੂਟ ਦੀ ਵਰਤੋਂ ਕੀਤੀ ਗਈ। ਇਸ ਉਪਲਬਧੀ ਨੇ ਚੀਨ ਨੂੰ ਹੁਣ ਇਸ ਕਾਬਿਲ ਬਣਾ ਦਿੱਤਾ ਹੈ ਕਿ ਉਹ ਦੂਰ ਦੁਰਾਡੇ ਜੰਗੀ ਖੇਤਰਾਂ 'ਚ ਵੀ ਪੈਰਾਸ਼ੂਟ ਰਾਹੀਂ ਫ਼ੌਜੀ ਉਪਕਰਨਾਂ ਤੇ ਸਮੱਗਰੀ ਦੀ ਆਸਾਨੀ ਨਾਲ ਸਪਲਾਈ ਕਰ ਸਕੇਗਾ।

ਰਿਪੋਰਟ ਮੁਤਾਬਕ, ਹਾਲੀਆ ਹੀ ਹੋਏ ਇਸ ਤਜਰਬੇ ਨੂੰ ਚੀਨ ਦੇ ਉੱਤਰ-ਪੱਛਮੀ ਹਿੱਸੇ ਦੇ ਗਾਂਸੂ ਸੂਬੇ ਦੇ ਝਾਂਗਯੇ ਇਲਾਕੇ 'ਚ ਅੰਜਾਮ ਦਿੱਤਾ ਗਿਆ। ਇਸ ਨੂੰ ਚੀਨੀ ਫ਼ੌਜ ਦੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਤੇ ਸਰਕਾਰ ਦੀ ਮਲਕੀਅਤ ਵਾਲੀ ਚੀਨ ਏਅਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ ਨੇ ਸਾਂਝੇ ਤੌਰ 'ਤੇ ਪੂਰਾ ਕੀਤਾ। ਖ਼ਬਰ ਮੁਤਾਬਕ, ਇਕ ਇੰਜਣ ਵਾਲੇ ਇਸ ਮਨੁੱਖ ਰਹਿਤ ਜਹਾਜ਼ ਨੇ ਫ਼ੌਜੀ ਸਮੱਗਰੀ ਨੂੰ ਸਫਲਤਾ ਨਾਲ ਤੈਅ ਜਗ੍ਹਾ 'ਤੇ ਪਹੁੰਚਾਇਆ।

ਤਜਰਬੇ ਦੀ ਸਫਲਤਾ 'ਤੇ ਚੀਨ ਨੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੇ ਜੁਆਇੰਟ ਲਾਜਿਸਟਿਕਸ ਅਕਾਦਮੀ ਮੁਖੀ ਲੀ ਰੂਈਜਿੰਗ ਨੇ ਕਿਹਾ ਕਿ ਪਹਿਲੀ ਵਾਰ ਚੀਨ ਨੇ ਪੈਰਾਸ਼ੂਟ ਰਾਹੀਂ ਏਨੀ ਵਜ਼ਨੀ ਫ਼ੌਜੀ ਸਮੱਗਰੀ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਾਇਆ ਹੈ। ਉਨ੍ਹਾਂ ਮੁਤਾਬਕ, ਸੈਨਿਕ ਖੇਤਰ 'ਚ ਇਸਤੇਮਾਲ ਨੂੰ ਲੈ ਕੇ ਚੀਨ ਇਸ ਤੋਂ ਵੀ ਕਿਤੇ ਵੱਧ ਵਜ਼ਨ ਦੇ ਫ਼ੌਜੀ ਸਾਮਾਨਾਂ ਨੂੰ ਦੂਰ ਦੁਰਾਡੇ ਇਲਾਕੇ ਤਕ ਪਹੁੰਚਾਉਣ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ।

ਮਨੁੱਖ ਰਹਿਤ ਜਹਾਜ਼ ਦੀ ਖ਼ਾਸੀਅਤ

ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਜਹਾਜ਼ ਜੰਗੀ ਖੇਤਰ 'ਚ ਜਾ ਕੇ ਫ਼ੌਜੀ ਸਾਮਾਨਾਂ ਨੂੰ ਆਸਾਨੀ ਨਾਲ ਪਹੁੰਚਾ ਸਕਦਾ ਹੈ। ਦੁਸ਼ਮਣ ਦੇ ਖ਼ਤਰੇ ਦੀ ਸਥਿਤੀ 'ਚ ਵੀ ਇਹ ਬਿਹਤਰ ਹੈ, ਕਿਉਂਕਿ ਨਿਸ਼ਾਨੇ 'ਤੇ ਆ ਜਾਣ 'ਤੇ ਵੀ ਇਸ 'ਚ ਕਿਸੇ ਦੀ ਜਾਨ ਨਹੀਂ ਜਾਵੇਗੀ।