ਬੀਜਿੰਗ (ਰਾਇਟਰ) : ਚੀਨ ਨੇ ਮੰਗਲਵਾਰ ਨੂੰ ਕਮਿਊਨਿਸਟ ਸ਼ਾਸਨ ਦੀ 70ਵੀਂ ਵਰ੍ਹੇਗੰਢ 'ਤੇ ਵੱਡੀ ਫ਼ੌਜੀ ਪਰੇਡ ਰਾਹੀਂ ਦੁਨੀਆ ਨੂੰ ਆਪਣੀ ਤਾਕਤ ਦਿਖਾਈ। ਪਰੇਡ 'ਚ ਕਈ ਅਤਿ ਆਧੁਨਿਕ ਮਿਜ਼ਾਈਲਾਂ, ਟੈਂਕਾਂ, ਡਰੋਨ ਤੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਚੀਨ ਨੇ ਪਹਿਲੀ ਵਾਰ ਹਾਈਪਰਸੋਨਿਕ-ਗਲਾਈਡ ਮਿਜ਼ਾਈਲ ਵੀ ਪ੍ਰਦਰਸ਼ਿਤ ਕੀਤੀ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਾਲ ਨਜਿੱਠਣਾ ਅਮਰੀਕਾ ਲਈ ਮੁਸ਼ਕਲ ਹੋ ਸਕਦਾ ਹੈ।

ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਜਧਾਨੀ ਬੀਜਿੰਗ ਦੇ ਮਸ਼ਹਰੂ ਤਿਆਨਮਿਨ ਚੌਕ 'ਤੇ ਉਸ ਜਗ੍ਹਾ ਤੋਂ ਦੇਸ਼ ਨੂੰ ਸੰਬੋਧਨ ਕੀਤਾ, ਜਿੱਥੇ ਮਾਓ-ਜ਼ੇ-ਤੁੰਗ ਨੇ ਇਕ ਅਕਤੂਬਰ, 1949 ਨੂੰ ਦੇਸ਼ 'ਚ ਕਮਿਊਨਿਸਟ ਪਾਰਟੀ ਦੇ ਸ਼ਾਸਨ ਦਾ ਐਲਾਨ ਕੀਤਾ ਸੀ। ਮਾਓ ਜਿਹੇ ਪਹਿਰਾਵੇ 'ਚ ਨਜ਼ਰ ਆਏ ਜਿਨਪਿੰਗ ਨੇ ਕਿਹਾ, 'ਕੋਈ ਵੀ ਤਾਕਤ ਚੀਨੀ ਲੋਕਾਂ ਤੇ ਦੇਸ਼ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ। ਫ਼ੌਜ ਨੂੰ ਚੀਨ ਦੀ ਖ਼ੁਦਮੁਖ਼ਤਾਰੀ, ਸੁਰੱਖਿਆ ਤੇ ਹਿੱਤਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਦੇ ਨਾਲ ਹੀ ਕੌਮਾਂਤਰੀ ਸ਼ਾਂਤੀ ਨੂੰ ਵੀ ਕਾਇਮ ਰੱਖਣਾ ਚਾਹੀਦਾ ਹੈ।' ਜਿਨਪਿੰਗ ਦੇ ਨਾਲ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਹੂ ਜਿੰਤਾਓ ਤੇ ਜਿਆਂਗ ਜੇਮਿਨ ਵੀ ਮੌਜੂਦ ਸਨ। ਪਰੇਡ ਵੇਖਣ ਲਈ ਤਿਆਨਮਿਨ ਚੌਕ 'ਤੇ ਵੱਡੀ ਗਿਣਤੀ 'ਚ ਚੀਨੀ ਨਾਗਰਿਕ ਜਮ੍ਹਾਂ ਸਨ। ਉਨ੍ਹਾਂ ਦੇ ਹੱਥਾਂ 'ਚ ਚੀਨ ਦੇ ਲਾਲ ਝੰਡੇ ਸਨ। ਇਸ ਮੌਕੇ ਪੂਰੇ ਸ਼ਹਿਰ ਨੂੰ ਚੀਨੀ ਝੰਡਿਆਂ, ਫੁੱਲਾਂ ਤੇ ਸਿਆਸੀ ਨਾਅਰੇ ਵਾਲੇ ਬੈਨਰਾਂ ਨਾਲ ਸਜਾਇਆ ਗਿਆ ਸੀ।

ਤਾਕਤ ਦਿਖਾਉਣ ਦਾ ਮਕਸਦ

ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਆਪਣੇ ਕੰਟਰੋਲ ਵਾਲੇ ਹਾਂਗਕਾਂਗ 'ਚ ਬੀਤੇ ਜੂਨ ਤੋਂ ਚੱਲ ਰਹੇ ਲੋਕਤੰਤਰ ਹਮਾਇਤੀਆਂ ਦੇ ਵਿਰੋਧ ਪ੍ਰਦਰਸ਼ਨ ਤੇ ਅਮਰੀਕਾ ਨਾਲ ਕਾਰੋਬਾਰੀ ਜੰਗ ਨਾਲ ਜੂਝ ਰਿਹਾ ਹੈ। ਇਨ੍ਹਾਂ ਹਾਲਾਤ 'ਚ ਉਸ ਨੇ ਆਪਣੀ ਫ਼ੌਜੀ ਤਾਕਤ ਦਿਖਾ ਕੇ ਦੁਨੀਆ ਨੂੰ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਉਹ ਹਰ ਚੁਣੌਤੀ ਨਾਲ ਨਿਪਟ ਸਕਦਾ ਹੈ।

ਪਰੇਡ 'ਚ 15 ਹਜ਼ਾਰ ਸੈਨਿਕ

ਸੈਨਿਕ ਪਰੇਡ 'ਚ ਕਰੀਬ 15 ਹਜ਼ਾਰ ਸੈਨਿਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ 160 ਤੋਂ ਜ਼ਿਆਦਾ ਜਹਾਜ਼ਾਂ ਨੇ ਵੀ ਆਪਣੇ ਕਰਤੱਬ ਦਿਖਾਏ। 580 ਸੈਨਿਕ ਸਾਜ਼ੋ ਸਾਮਾਨ ਪ੍ਰਦਰਸ਼ਿਤ ਕੀਤੇ ਗਏ। ਸੈਨਿਕ ਪਰੇਡ ਤੋਂ ਬਾਅਦ ਝਾਕੀਆਂ ਰਾਹੀਂ ਚੀਨ ਦੇ ਇਤਿਹਾਸ, ਸੰਸਕ੍ਰਿਤੀ ਤੇ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਪਹਿਲੀ ਵਾਰ ਦਿਖਾਏ ਇਹ ਹਥਿਆਰ

- ਚੀਨੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀਅੱਲਏ) ਨੇ ਹਾਈਪਰਸੋਨਿਕ ਮਿਜ਼ਾਈਲ ਡੀਐੱਫ-17 ਪ੍ਰਦਰਸ਼ਿਤ ਕੀਤੀ

- ਇਹ ਆਵਾਜ਼ ਤੋਂ ਕਈ ਗੁਣਾ ਤੇਜ਼ ਗਤੀ ਨਾਲ ਨਿਸ਼ਾਨਾ ਭੇਦ ਸਕਦੀ ਹੈ, ਜਿਸ ਨਾਲ ਇਸ ਦਾ ਮੁਕਾਬਲਾ ਕਰਨਾ ਬੇਹੱਦ ਮੁਸ਼ਕਲ ਹੈ

- ਜੰਗੀ ਬੇੜੇ ਨੂੰ ਤਬਾਹ ਕਰਨ ਵਾਲੀ ਡੋਂਗਫੇਂਗ-21ਡੀ ਮਿਜ਼ਾਈਲ, ਜਿਸ ਦੀ ਮਾਰੂ ਸਮਰੱਥਾ 1500 ਕਿਲੋਮੀਟਰ ਹੈ

- ਲੰਬੀ ਦੂਰੀ ਤਕ ਮਾਰ ਕਰਨ ਵਾਲੀ ਐਂਟੀ-ਸ਼ਿਪ ਕਰੂਜ਼ ਮਿਜ਼ਾਈਲ ਵਾਈਜੇ-18ਏ, ਜੋ ਪਣਡੁੱਬੀ ਤੋਂ ਦਾਗੀ ਜਾ ਸਕਦੀ ਹੈ

- ਰਵਾਇਤੀ ਜਾਂ ਪਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਡੀਐੱਫ-26 ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲ

-ਜ਼ੈੱਡ-20 ਹੈਲੀਕਾਪਟਰ, ਜੋ ਅਮਰੀਕਾ ਦੇ ਯੂਐੱਚ-60 ਬਲੈਕ ਹਾਕ ਹੈਲੀਕਾਪਟਰ ਦੇ ਬਰਾਬਰ ਹੈ

30 ਮਿੰਟ 'ਚ ਅਮਰੀਕਾ ਤਕ ਮਾਰ ਕਰ ਸਕਦੀ ਹੈ ਇਹ ਮਿਜ਼ਾਈਲ

ਚੀਨ ਨੇ ਸੈਨਿਕ ਪਰੇਡ 'ਚ ਪਹਿਲੀ ਵਾਰ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਡੀਐੱਫ-41 ਨੂੰ ਪ੍ਰਦਰਸ਼ਿਤ ਕੀਤਾ। ਇਹ ਮਿਜ਼ਾਈਲ 15 ਹਜ਼ਾਰ ਕਿਲੋਮੀਟਰ ਤਕ ਮਾਰ ਕਰ ਸਕਦੀ ਹੈ। ਧਰਤੀ 'ਤੇ ਮੌਜੂਦ ਸਾਰੀਆਂ ਮਿਜ਼ਾਈਲਾਂ 'ਚ ਇਹ ਸਭ ਤੋਂ ਦੂਰ ਤਕ ਮਾਰ ਕਰਨ 'ਚ ਸਮਰੱਥ ਹੈ। ਮਾਹਿਰਾਂ ਦਾ ਦਾਅਵਾ ਹੈ ਕਿ ਇਹ ਮਿਜ਼ਾਈਲ ਆਪਣੇ ਨਾਲ 10 ਪਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਹੈ ਤੇ ਸਿਰਫ਼ 30 ਮਿੰਟਾਂ ਅੰਦਰ ਅਮਰੀਕਾ ਤਕ ਮਾਰ ਕਰ ਸਕਦੀ ਹੈ।