ਤਾਇਪੇ (ਏਜੰਸੀ) : ਕੈਨੇਡਾ ਦਾ ਇਕ ਜੰਗੀ ਬੇੜਾ ਮੰਗਲਵਾਰ ਨੂੰ ਚੀਨ ਨਾਲ ਲੱਗੇ ਤਾਇਵਾਨ ਸਟ੍ਰੇਟ (ਜਲਡਮਰੂਮੱਧ) ਤੋਂ ਲੰਘਿਆ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਇਸ ਨੂੰ ਜਲ ਟਰਾਂਸਪੋਰਟ ਦੀ ਸੁਤੰਤਰਤਾ ਤਹਿਤ ਕੀਤਾ ਗਿਆ ਸੰਚਾਲਨ ਦੱਸਿਆ ਹੈ। ਉਸ ਨੇ ਇਹ ਵੀ ਕਿਹਾ ਕਿ ਜੰਗੀ ਬੇੜੇ 'ਤੇ ਤਾਈਵਾਨ ਨਜ਼ਦੀਕ ਤੋਂ ਨਜ਼ਰ ਰੱਖ ਰਿਹਾ ਹੈ।

ਇਸ ਘਟਨਾ 'ਤੇ ਕੈਨੇਡਾ ਤੇ ਚੀਨ ਦਰਮਿਆਨ ਪਹਿਲਾਂ ਤੋਂ ਚੱਲ ਰਿਹਾ ਤਣਾਅ ਹੋਰ ਭੜਕਾਉਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪਿਛਲੇ ਸਾਲ ਦਸੰਬਰ 'ਚ ਚੀਨ ਦੀ ਟੈਲੀਕਾਮ ਕੰਪਨੀ ਹੁਆਵੇ ਦੀ ਸੀਐੱਫਓ ਮੈਂਗ ਵਾਂਗਜੋਊ ਨੂੰ ਕੈਨੇਡਾ 'ਚ ਹਿਰਾਸਤ 'ਚ ਲਏ ਜਾਣ ਦੇ ਬਾਅਦ ਤੋਂ ਕੈਨੇਡਾ ਤੇ ਚੀਨ ਦਰਮਿਆਨ ਤਣਾਅ ਦਾ ਦੌਰ ਜਾਰੀ ਹੈ। ਇਸ ਘਟਨਾ ਤੋਂ ਬਾਅਦ ਚੀਨ 'ਚ ਦੋ ਕੈਨੇਡੀਅਨ ਨਾਗਰਿਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ। ਜੂਨ 'ਚ ਵੀ ਚੀਨ ਤੇ ਉਸ ਦੇ ਵਿਰੋਧੀ ਤਾਇਵਾਨ ਦਰਮਿਆਨ ਕੈਨੇਡਾ ਦਾ ਇਕ ਜੰਗੀ ਬੇੜਾ ਲੰਘਿਆ ਸੀ।