ਜੇਐੱਨਐੱਨ, ਬ੍ਰਾਜ਼ੀਲੀਆ/ਨਵੀਂ ਦਿੱਲੀ : ਆਪਣੀ ਸਥਾਪਨਾ ਦੇ ਇਕ ਦਹਾਕੇ ਬਾਅਦ ਬਿ੍ਕਸ ਦੇਸ਼ਾਂ ਵਿਚਕਾਰ ਸੁਰੱਖਿਆ ਸਹਿਯੋਗ ਬਾਰੇ ਕਾਰੋਬਾਰੀ ਸਮਝੌਤੇ 'ਤੇ ਹੁਣ ਗੱਲਬਾਤ ਰਫ਼ਤਾਰ ਫੜਨ ਲੱਗੀ ਹੈ। ਸ਼ਨਿਚਰਵਾਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ 'ਚ ਬਿ੍ਕਸ ਦੇ ਸਾਰੇ ਪੰਜ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ (ਐੱਨਐੱਸਏ) ਦੀ ਅਹਿਮ ਬੈਠਕ ਤੋਂ ਕੁਝ ਅਜਿਹੇ ਹੀ ਸੰਕੇਤ ਮਿਲਦੇ ਹਨ। ਇਸ ਬੈਠਕ 'ਚ ਐੱਨਐੱਸਏ ਅਜੀਤ ਡੋਭਾਲ ਨੇ ਵੀ ਹਿੱਸਾ ਲਿਆ। ਅਗਲੇ ਮਹੀਨੇ ਬ੍ਰਾਜ਼ੀਲੀਆ 'ਚ ਬਿ੍ਕਸ ਦੇ ਪੰਜ ਮੈਂਬਰ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਦੇ ਸਿਖਰਲੇ ਨੇਤਾਵਾਂ ਦੀ ਸਾਲਾਨਾ ਬੈਠਕ ਹੋਣੀ ਹੈ ਜਿਸ 'ਚ ਆਲਮੀ ਮੰਦੀ ਤੋਂ ਇਲਾਵਾ ਸੁਰੱਖਿਆ ਨਾਲ ਜੁੜੇ ਸਾਰੇ ਮੁੱਦਿਆਂ 'ਤੇ ਆਪਸੀ ਸਹਿਯੋਗ ਨੂੰ ਉਤਸ਼ਾਹਤ ਕਰਨਾ ਦੂਜਾ ਸਭ ਤੋਂ ਅਹਿਮ ਚਰਚਾ ਦਾ ਵਿਸ਼ਾ ਹੋਵੇਗਾ। ਬਿ੍ਕਸ ਬਾਰੇ ਤਿਆਰੀਆਂ ਚੱਲ ਰਹੀਆਂ ਹਨ ਤੇ ਉਸ ਤੋਂ ਇਹ ਵੀ ਤੈਅ ਹੈ ਕਿ ਭਾਰਤ ਲਈ ਇਸ ਵਾਰ ਵੀ ਅੱਤਵਾਦ ਇਕ ਵੱਡਾ ਵਿਸ਼ਾ ਰਹੇਗਾ। ਭਾਰਤ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਬਿ੍ਕਸ ਦੇਸ਼ਾਂ ਵੱਲੋਂ ਅੱਤਵਾਦ ਖ਼ਿਲਾਫ਼ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਉਹੋ ਜਿਹਾ ਸੰਦੇਸ਼ ਇਸ ਵਾਰ ਵੀ ਦਿੱਤਾ ਜਾਵੇਗਾ।