ਢਾਕਾ (ਪੀਟੀਆਈ) : ਬੰਗਲਾਦੇਸ਼ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਹੁਸੈਨ ਮੁਹੰਮਦ ਇਰਸ਼ਾਦ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। 91 ਸਾਲਾ ਇਰਸ਼ਾਦ ਲੰਬੇ ਸਮੇਂ ਤੋਂ ਫੇਫੜੇ ਅਤੇ ਗੁਰਦੇ ਸਬੰਧੀ ਬਿਮਾਰੀਆਂ ਤੋਂ ਪੀੜਤ ਸਨ। 22 ਜੂਨ ਨੂੰ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ ਜਿਸ ਪਿੱਛੋਂ ਉਨ੍ਹਾਂ ਨੂੰ ਇਥੇ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਜਾਤੀ ਪਾਰਟੀ ਦੇ ਮੁਖੀ ਅਤੇ ਸੰਸਦ ਵਿਚ ਵਿਰੋਧੀ ਧਿਰ ਦੇ ਆਗੂ ਇਰਸ਼ਾਦ ਦੇ ਦੇਹਾਂਤ 'ਤੇ ਰਾਸ਼ਟਰਪਤੀ ਅਬਦੁੱਲ ਹਾਮਿਦ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸੰਸਦ ਦੀ ਸਪੀਕਰ ਡਾ. ਸ਼ਿਰੀਨ ਸ਼ਰਮਿਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਰਸ਼ਾਦ 1952 ਵਿਚ ਪਾਕਿਸਤਾਨ ਦੀ ਫ਼ੌਜ ਵਿਚ ਭਰਤੀ ਹੋਏ ਸਨ। ਤਦ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ। 1982 ਵਿਚ ਉਨ੍ਹਾਂ ਨੇ ਤਖਤਾ ਪਲਟ ਰਾਹੀਂ ਦੇਸ਼ ਦੀ ਸੱਤਾ ਹਾਸਲ ਕਰ ਲਈ ਸੀ। ਉਹ ਅੱਠ ਸਾਲ ਤਕ ਰਾਸ਼ਟਰਪਤੀ ਰਹੇ। ਆਪਣੇ ਸ਼ਾਸਨ ਕਾਲ ਦੌਰਾਨ ਉਨ੍ਹਾਂ ਨੇ ਧਰਮ ਨਿਰਪੱਖ ਬੰਗਲਾਦੇਸ਼ ਨੂੰ ਇਸਲਾਮਿਕ ਦੇਸ਼ ਐਲਾਨਣ ਦਾ ਵਿਵਾਦਤ ਫ਼ੈਸਲਾ ਲਿਆ ਸੀ। 1990 ਵਿਚ ਹੋਏ ਲੋਕਤੰਤਰ ਪੱਖੀ ਅੰਦੋਲਨ ਪਿੱਛੋਂ ਉਨ੍ਹਾਂ ਨੂੰ ਸੱਤਾ ਛੱਡਣੀ ਪਈ। ਇਸ ਪਿੱਛੋਂ ਭਿ੍ਸ਼ਟਾਚਾਰ ਸਬੰਧੀ ਕਈ ਦੋਸ਼ਾਂ ਵਿਚ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ। ਕਈ ਸਾਲ ਜੇਲ੍ਹ ਵਿਚ ਰਹਿਣ ਪਿੱਛੋਂ ਵੀ ਉਹ ਬੰਗਲਾਦੇਸ਼ ਦੀ ਰਾਜਨੀਤੀ ਵਿਚ ਵੱਡਾ ਨਾਂ ਸਨ। ਉਹ ਪੰਜ ਵਾਰ ਐੱਮਪੀ ਚੁਣੇ ਗਏ। ਉਨ੍ਹਾਂ ਨੇ ਇਕ ਵਾਰ ਜੇਲ੍ਹ ਵਿਚ ਰਹਿੰਦੇ ਹੋਏ ਵੀ ਚੋਣ ਜਿੱਤੀ ਸੀ।