ਸੰਯੁਕਤ ਰਾਸ਼ਟਰ (ਪੀਟੀਆਈ) : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦੇ ਮੈਂਬਰ ਦੇਸ਼ਾਂ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਅੱਤਵਾਦੀ ਸਰਗਨਾਵਾਂ ਨੂੰ ਜਵਾਬਦੇਹ ਠਹਿਰਾਉਣ ਲਈ ਮਹੱਤਵਪੂਰਣ ਕਦਮ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਚੀਨ ਲੰਬੇ ਸਮੇਂ ਤੋਂ ਵੀਟੋ ਪਾਵਰ ਦਾ ਇਸਤੇਮਾਲ ਕਰ ਕੇ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ 'ਚ ਰੁਕਾਵਟ ਪਾ ਰਿਹਾ ਸੀ ਪਰ ਇਕ ਮਈ ਨੂੰ ਸੁਰੱਖਿਆ ਪ੍ਰੀਸ਼ਦ ਦੀ ਪਾਬੰਦੀ ਕਮੇਟੀ ਨੇ ਉਸ ਨੂੰ ਵਿਸ਼ਵ ਅੱਤਵਾਦੀ ਐਲਾਨ ਦਿੱਤਾ। ਇਸ ਨੂੰ ਭਾਰਤ ਦੀ ਜਿੱਤ ਮੰਨਿਆ ਜਾ ਰਿਹਾ ਹੈ। ਅਜ਼ਹਰ ਪੁਲਵਾਮਾ ਆਤਮਘਾਤੀ ਧਮਾਕੇ ਸਮੇਤ ਭਾਰਤ 'ਚ ਕਈ ਅੱਤਵਾਦੀ ਵਾਰਦਾਤਾਂ ਅੰਜਾਮ ਦੇ ਚੁੱਕਾ ਹੈ। ਭਾਰਤ ਲੰਬੇ ਸਮੇਂ ਤੋਂ ਉਸ ਨੂੰ ਪਾਬੰਦੀਸ਼ੁਦਾ ਸੂਚੀ 'ਚ ਪਾਉਣ ਦੀ ਮੰਗ ਕਰ ਰਿਹਾ ਸੀ।

ਅਮਰੀਕਾ ਨੇ ਯੂਐੱਨਐੱਸਸੀ ਨੂੰ ਸਰਾਹਿਆ

ਸੰਯੁਕਤ ਰਾਸ਼ਟਰ 'ਚ ਅਮਰੀਕਾ ਦੇ ਕਾਰਜਕਾਰੀ ਸਥਾਈ ਨੁਮਾਇੰਦੇ ਜੋਨਾਥਨ ਕੋਹੇਨ ਨੇ ਕਿਹਾ, 'ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਣਾ ਇਹ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਫਿਰਕਾ ਅੱਤਵਾਦੀਆਂ ਨੂੰ ਉਨ੍ਹਾਂ ਦੀਆਂ ਹਰਕਤਾਂ ਲਈ ਜਵਾਬਦੇਹ ਠਹਿਰਾ ਸਕਦਾ ਹੈ ਅਤੇ ਠਹਿਰਾਏਗਾ।'

ਜਰਮਨੀ ਤੇ ਪੋਲੈਂਡ ਨੇ ਵੀ ਕੀਤਾ ਸਵਾਗਤ

ਯੂਐੱਨ 'ਚ ਜਰਮਨੀ ਦੇ ਸਥਾਈ ਨੁਮਾਇੰਦੇ ਕਿ੍ਸਟੋਫ ਹਿਊਗਸੇਨ ਨੇ ਕਿਹਾ, 'ਇਹ ਇਸ ਕਮੇਟੀ ਦੇ ਕੰਮ ਲਈ ਚੰਗਾ ਸੰਕੇਤ ਹੈ ਕਿ ਅਸੀਂ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਦੀ ਸੂਚੀ ਵਿਚ ਸ਼ਾਮਲ ਕਰਾ ਸਕੇ। ਇਹ ਕੁਝ ਲੋਕਾਂ ਲਈ ਮੁਸ਼ਕਲ ਸੀ ਪਰ ਇਹ ਮਹੱਤਵਪੂਰਣ ਹੈ ਕਿ ਅਸੀਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਗਏ।' ਯੂਐੱਨ 'ਚ ਪੋਲੈਂਡ ਦੀ ਸਥਾਈ ਨੁਮਾਇੰਦੇ ਜੋਆਨਾ ਬ੍ਰੋਨੇਕਾ ਨੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹਾਲੇ ਇਸ ਦਿਸ਼ਾ 'ਚ ਸਾਨੂੰ ਇਕੱਠੇ ਕੰਮ ਕਰਨਾ ਪਵੇਗਾ। ਉੱਥੇ ਚੀਨ ਦਾ ਕਹਿਣਾ ਹੈ ਕਿ ਪਾਬੰਦੀ ਕਮੇਟੀ ਅੱਤਵਾਦੀਆਂ ਦੇ ਖ਼ਤਰੇ ਦੀ ਸਮੀਖਿਆ ਕਰਨ ਅਤੇ ਉਨ੍ਹਾਂ 'ਤੇ ਪਾਬੰਦੀ ਲਗਾਉਣ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਚੀਨ ਇਸ ਦਾ ਸਹਿਯੋਗ ਕਰੇਗਾ।