ਸਿਡਨੀ (ਏਜੰਸੀ) : ਦਿੱਗਜ ਤਕਨੀਕੀ ਕੰਪਨੀ ਗੂਗਲ ਲੋਕੇਸ਼ਨ ਡਾਟੇ ਦੀ ਦੁਰਵਰਤੋਂ ਦੇ ਦੋਸ਼ 'ਚ ਫਸ ਗਈ ਹੈ। ਇਸ ਮਾਮਲੇ ਬਾਰੇ ਆਸਟ੍ਰੇਲੀਆ ਦੇ ਇਕ ਰੈਗੂਲਟੇਰੀ ਨੇ ਗੂਗਲ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਗੂਗਲ ਦਾ ਦੋਸ਼ ਹੈ ਕਿ ਉਹ ਸਮਾਰਟ ਫੋਨ ਯੂਜ਼ਰਸ ਨੂੰ ਉਨ੍ਹਾਂ ਦੇ ਨਿੱਜੀ ਲੋਕੇਸ਼ਨ ਡਾਟਾ ਜੁਟਾਉਣ ਤੇ ਉਸ ਦੀ ਵਰਤੋਂ ਬਾਰੇ ਗੁਮਰਾਹ ਕਰ ਰਹੀ ਹੈ।

ਆਸਟ੍ਰੇਲੀਆਈ ਕੰਪਟੀਸ਼ਨ ਐਂਡ ਕੰਜ਼ਿਊਮਰ ਕਮੀਸ਼ਨ (ਏਸੀਸੀਸੀ) ਨੇ ਕਿਹਾ ਹੈ ਕਿ ਗੂਗਲ ਦੀ ਸਥਾਨਕ ਯੂਨਿਟ ਨੇ ਯੂਜ਼ਰਸ ਨੂੰ ਕਰੀਬ ਦੋ ਸਾਲ ਤੋਂ ਆਪਣੇ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਏਸੀਸੀਸੀ ਨੇ ਸੰਘੀ ਅਦਾਲਤ 'ਚ ਮੰਗਲਵਾਰ ਨੂੰ ਦਾਖ਼ਲ ਕੇਸ 'ਚ ਕਿਹਾ, 'ਗੂਗਲ ਦੇ ਕਾਰੇ ਨਾਲ ਯੂਜ਼ਰਸ ਇਹ ਸਮਝ ਰਹੇ ਸਨ ਕਿ ਉਨ੍ਹਾਂ ਦੀ ਲੋਕੇਸ਼ਨ ਬਾਰੇ ਨਿਜੀ ਡਾਟਾ ਇਕੱਠਾ ਨਹੀਂ ਕੀਤਾ ਜਾ ਰਿਹਾ। ਪਰ ਹਕੀਕਤ 'ਚ ਉਨ੍ਹਾਂ ਦਾ ਨਿਜੀ ਡਾਟਾ ਗੂਗਲ ਵੱਲੋਂ ਹਾਸਲ ਕੀਤਾ ਜਾ ਰਿਹਾ ਸੀ। ਇਸ 'ਤੇ ਗੂਗਲ ਦੀ ਇਕ ਮਹਿਲਾ ਤਰਜਮਾਨ ਨੇ ਕਿਹਾ ਕਿ ਇਸ ਮਾਮਲੇ 'ਚ ਕੰਪਨੀ ਆਪਣਾ ਬਚਾਅ ਕਰੇਗੀ। ਏਸੀਸੀਸੀ ਦੇ ਦੋਸ਼ਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਲਈ ਰੈਗੂਲੇਟਰੀ ਨਾਲ ਸੰਪਰਕ ਕੀਤਾ ਜਾਵੇਗਾ।

ਫਰਾਂਸੀਸੀ ਰੈਗੂਲੇਟਰੀ ਨੇ ਲਗਾਇਆ ਸੀ 393 ਕਰੋੜ ਜੁਰਮਾਨਾ

ਫਰਾਂਸ ਦੀ ਇਕ ਰੈਗੂਲੇਟਰੀ ਨੇ ਬੀਤੇ ਜਨਵਰੀ 'ਚ ਨਿੱਜਤਾ ਦੀ ਉਲੰਘਣਾ ਮਾਮਲੇ 'ਚ ਗੂਗਲ 'ਤੇ 5.55 ਕੋਰੜ ਡਾਲਰ (ਕਰੀਬ 393 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਸੀ। ਆਇਰਲੈਂਡ ਦਾ ਡਾਟਾ ਪ੍ਰੋਟੈਕਸ਼ਨ ਕਮੀਸ਼ਨ ਵੀ ਨਿੱਜਤਾ ਕਾਨੂੰਨ ਦੀ ਉਲੰਘਣਾ ਦੇ ਮਾਮਲੇ 'ਚ ਗੂਗਲ ਦੀ ਜਾਂਚ ਕਰ ਰਿਹਾ ਹੈ।