ਅੰਕਾਰਾ (ਆਈਏਐੱਨਐੱਸ) : ਤੁਰਕੀ ਦੇ ਅਖ਼ਬਾਰ 'ਸਬਾ' ਨੇ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਆਖ਼ਰੀ ਪਲਾਂ ਦੀ ਗੱਲਬਾਤ ਦਾ ਵੇਰਵਾ ਪ੍ਰਕਾਸ਼ਿਤ ਕੀਤਾ ਹੈ। ਅਖ਼ਬਾਰ ਨੇ ਆਡੀਓ ਰਿਕਾਰਡਿੰਗ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸਾਊਦੀ ਸਰਕਾਰ ਦੇ ਮੁੱਖ ਆਲੋਚਕ ਅਤੇ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਖਸ਼ੋਗੀ ਦੀ ਹੱਤਿਆ ਬੈਗ ਨਾਲ ਮੂੰਹ ਦਬਾ ਕੇ ਕੀਤੀ ਗਈ ਸੀ। ਪਿਛਲੇ ਸਾਲ ਦੋ ਅਕਤੂਬਰ ਨੂੰ ਇਸਤਾਂਬੁਲ ਸਥਿਤ ਸਾਊਦੀ ਵਣਜ ਦੂਤਘਰ ਵਿਚ ਖਸ਼ੋਗੀ ਦੀ ਹੱਤਿਆ ਕਰ ਦਿੱਤੀ ਗਈ ਸੀ।

ਅਖ਼ਬਾਰ ਦਾ ਕਹਿਣਾ ਹੈ ਕਿ ਇਹ ਰਿਕਾਰਡਿੰਗ ਦੂਤਘਰ ਦੇ ਅੰਦਰ ਕੀਤੀ ਹੈ ਅਤੇ ਉਸ ਨੂੰ ਤੁਰਕੀ ਦੇ ਅਧਿਕਾਰੀਆਂ ਨੇ ਬਰਾਮਦ ਕੀਤਾ ਸੀ। ਇਸ ਵਿਚ ਕਥਿਤ ਤੌਰ 'ਤੇ ਖਸ਼ੋਗੀ ਦੀਆਂ ਆਖ਼ਰੀ ਗੱਲਾਂ ਰਿਕਾਰਡ ਹੋ ਗਈਆਂ ਸਨ। ਅਖ਼ਬਾਰ ਮੁਤਾਬਕ, ਖਸ਼ੋਗੀ ਦੀ ਹੱਤਿਆ ਲਈ ਆਈ ਸਾਊਦੀ ਟੀਮ ਵਿਚ ਇਕ ਫੋਰੈਂਸਿਕ ਮਾਹਿਰ ਵੀ ਸੀ। ਇਹ ਮਾਹਿਰ ਵਣਜ ਦੂਤਘਰ ਵਿਚ ਖਸ਼ੋਗੀ ਦੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਬਲੀ ਦਾ ਜਾਨਵਰ ਦੱਸ ਰਿਹਾ ਸੀ। ਖਸ਼ੋਗੀ ਦੇ ਦੂਤਘਰ ਪਹੁੰਚਦੇ ਹੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੰਟਰਪੋਲ ਦੇ ਆਦੇਸ਼ ਦੇ ਚੱਲਦੇ ਉਨ੍ਹਾਂ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਜਾਣਾ ਹੋਵੇਗਾ। ਉਨ੍ਹਾਂ ਇਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਤੁਰੰਤ ਆਪਣੇ ਬੇਟੇ ਨੂੰ ਮੈਸੇਜ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਖੁਆ ਦਿੱਤਾ ਗਿਆ। ਅਖ਼ਬਾਰ ਮੁਤਾਬਕ, ਖਸ਼ੋਗੀ ਦੇ ਆਖ਼ਰੀ ਸ਼ਬਦ ਸਨ ਕਿ ਉਨ੍ਹਾਂ ਦਾ ਮੂੰਹ ਬੰਦ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਦਮੇ ਦੀ ਬਿਮਾਰੀ ਹੈ। ਇਸ ਰਿਕਾਰਡਿੰਗ ਵਿਚ ਫੋਰੈਂਸਿਕ ਮਾਹਿਰ ਵੱਲੋਂ ਖਸ਼ੋਗੀ ਦੀ ਲਾਸ਼ ਦੇ ਟੁਕੜੇ ਕੀਤੇ ਜਾਣ ਦੀ ਵੀ ਜਾਣਕਾਰੀ ਹੈ।

ਖਸ਼ੋਗੀ ਦੀ ਮੌਤ 'ਤੇ ਗ਼ਲਤ ਜਾਣਕਾਰੀਆਂ ਦੇਣ ਲਈ ਸਾਊਦੀ ਸ਼ਾਸਨ ਦੀ ਕਾਫ਼ੀ ਆਲੋਚਨਾ ਹੋਈ ਸੀ। ਬਾਅਦ ਵਿਚ ਸਾਊਦੀ ਸਰਕਾਰ ਨੇ ਇਸ ਹੱਤਿਆ ਲਈ ਕੁਝ ਬਦਮਾਸ਼ਾਂ ਨੂੰ ਦੋਸ਼ੀ ਠਹਿਰਾਇਆ ਅਤੇ 11 ਲੋਕਾਂ ਨੂੰ ਮੁਲਜ਼ਮ ਬਣਾਇਆ। ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਸਮੇਤ ਕਈ ਹੋਰਨਾਂ ਏਜੰਸੀਆਂ ਨੇ ਇਸ ਹੱਤਿਆ ਵਿਚ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਸਾਊਦੀ ਸਰਕਾਰ ਇਸ ਦਾਅਵੇ ਨੂੰ ਖ਼ਾਰਜ ਕਰਦੀ ਰਹੀ ਹੈ।