ਰਿਆਧ (ਰਾਇਟਰ) : ਯਮਨ ਦੇ ਹਾਊਤੀ ਵਿਦਰੋਹੀਆਂ ਦੇ ਡਰੋਨ ਹਮਲੇ ਦਾ ਸ਼ਿਕਾਰ ਹੋਈ ਸਾਊਦੀ ਅਰਬ ਦੀ ਤੇਲ ਕੰਪਨੀ ਅਰੈਮਕੋ ਨੇ ਭਾਰਤ 'ਚ ਤੇਲ ਸਪਲਾਈ ਪ੍ਰਭਾਵਿਤ ਨਾ ਹੋਣ ਦਾ ਭਰੋਸਾ ਦਿਵਾਇਆ ਹੈ। ਸੂਤਰਾਂ ਮੁਤਾਬਕ, ਅਰੈਮਕੋ ਨੇ ਇਕ ਭਾਰਤੀ ਰਿਫਾਇਨਰੀ ਨੂੰ ਦੱਸਿਆ ਕਿ ਹਮਲੇ ਕਾਰਨ ਤੇਲ ਸਪਲਾਈ 'ਤੇ ਤੁਰੰਤ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।

ਅਰੈਮਕੋ ਦੀ ਅਬਕੈਕ ਸਥਿਤ ਆਇਲ ਪ੍ਰੋਸੈਸਿੰਗ ਫੈਸਿਲਿਸਟੀ ਤੇ ਖੁਰੈਸ਼ ਸਥਿਤ ਵੱਡੀ ਆਇਲ ਫੀਲਡ ਨੂੰ ਸ਼ਨਿਚਰਵਾਰ ਨੂੰ ਈਰਾਨ ਸਮਰਥਿਤ ਯਮਨ ਦੇ ਹਾਊਤੀ ਬਾਗ਼ੀਆਂ ਨੇ ਡਰੋਨ ਨਾਲ ਨਿਸ਼ਾਨਾ ਬਣਾਇਆ ਸੀ। ਅਬਕੈਕ ਫੈਸਿਲਿਟੀ ਦੁਨੀਆ ਦੀ ਸਭ ਤੋਂ ਵੱਡੀ ਆਇਲ ਪ੍ਰੋਸੈਸਿੰਗ ਫੈਸਿਲਿਟੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਨਾਲ ਅਰੈਮਕੋ ਦੀ ਉਤਪਾਦਨ ਸਮਰੱਥਾ ਅੱਧੀ ਰਹਿ ਗਈ ਹੈ। ਕੰਪਨੀ ਨੂੰ ਨੁਕਸਾਨ ਦੀ ਭਰਪਾਈ 'ਚ ਸਮਾਂ ਲੱਗੇਗਾ। ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਸ਼ੰਕਾ ਪ੍ਰਗਟਾਈ ਕਿ ਇਸ ਨਾਲ ਕੌਮਾਂਤਰੀ ਪੱਧਰ 'ਤੇ ਤੇਲ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਹਮਲਿਆਂ ਕਾਰਨ ਗਲੋਬਲ ਆਇਲ ਸਪਲਾਈ ਦੇ ਕਰੀਬ ਛੇ ਫ਼ੀਸਦੀ ਹਿੱਸੇ 'ਤੇ ਅਸਰ ਪਵੇਗਾ। ਆਉਣ ਵਾਲੇ ਦਿਨਾਂ 'ਚ ਤੇਲ ਦੀਆਂ ਕੀਮਤਾਂ ਵਧਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਫਿਲਹਾਲ ਅਰੈਮਕੋ ਬਾਜ਼ਾਰ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ 'ਚ ਲੱਗੀ ਹੈ ਕਿ ਹਮਲਿਆਂ ਦੇ ਬਾਵਜੂਦ ਕੰਪਨੀ ਦੇ ਤੇਲ ਉਤਪਾਦਨ 'ਤੇ ਬਹੁਤ ਅਸਰ ਨਹੀਂ ਪੈਣ ਦਿੱਤਾ ਜਾਵੇਗਾ। ਜੇਕਰ ਕੰਪਨੀ ਇਹ ਭਰੋਸਾ ਦਿਵਾਉਣ 'ਚ ਕਾਮਯਾਬ ਰਹੀ ਕਿ ਉਹ ਹਮਲੇ ਨਾਲ ਹੋਏ ਨੁਕਸਾਨ ਦੀ ਭਰਪਾਈ ਛੇਤੀ ਕਰ ਲਵੇਗੀ, ਤਾਂ ਤੇਲ ਦੀਆਂ ਕੀਮਤਾਂ 'ਚ ਵਾਧੇ 'ਤੇ ਰੋਕ ਲੱਗ ਸਕਦੀ ਹੈ। ਕੁਝ ਜਾਣਕਾਰ ਇਹ ਵੀ ਮੰਨਦੇ ਹਨ ਕਿ ਸਾਊਦੀ ਕੋਲ ਗਾਹਕਾਂ ਦੀ ਮੰਗ ਮੁਤਾਬਕ ਲੋੜੀਂਦਾ ਤੇਲ ਜਮ੍ਹਾਂ ਹੈ, ਇਸ ਲਈ ਕੰਪਨੀ ਸਪਲਾਈ 'ਤੇ ਜ਼ਿਆਦਾ ਅਸਰ ਨਹੀਂ ਪੈਣ ਦੇਵੇਗੀ। ਫਿਲਹਾਲ ਸਾਊਦੀ ਸਰਕਾਰ ਨੇ ਪੱਤਰਕਾਰਾਂ ਨੂੰ ਹਮਲੇ ਵਾਲੀ ਜਗ੍ਹਾ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਕਾਰਨ ਅਸਲ ਸਥਿਤੀ ਸਾਫ਼ ਨਹੀਂ ਹੋ ਸਕੀ ਹੈ।