ਕਾਬੁਲ (ਏਐੱਫਪੀ/ਰਾਇਟਰ) : ਅਫ਼ਗਾਨਿਸਤਾਨ 'ਚ ਇਕ ਹਫ਼ਤੇ ਦੇ ਅੰਦਰ ਦੂਜੀ ਵਾਰ ਫ਼ੌਜ ਦੀ ਅੱਤਵਾਦ ਰੋਕੂ ਕਾਰਵਾਈ ਵਿਚ ਆਮ ਨਾਗਰਿਕ ਨਿਸ਼ਾਨਾ ਬਣ ਗਏ। ਫ਼ੌਜੀ ਬਲਾਂ ਨੇ ਐਤਵਾਰ ਰਾਤ ਹੇਲਮੰਦ ਸੂਬੇ ਵਿਚ ਅੱਤਵਾਦੀਆਂ ਦੇ ਇਕ ਟਿਕਾਣੇ 'ਤੇ ਹਵਾਈ ਹਮਲਾ ਕੀਤਾ ਸੀ, ਪਰ ਕੋਲ ਚੱਲ ਰਿਹਾ ਇਕ ਵਿਆਹ ਸਮਾਗਮ ਇਸ ਹਮਲੇ ਦੀ ਲਪੇਟ ਵਿਚ ਆ ਗਿਆ। ਇਸ ਸਮਾਗਮ ਵਿਚ ਸ਼ਿਰਕਤ ਕਰਨ ਆਏ ਬੱਚਿਆਂ ਅਤੇ ਔਰਤਾਂ ਸਮੇਤ 40 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਪਿਛਲੇ ਹਫ਼ਤੇ ਵੀ ਨਾਂਗਰਹਾਰ ਸੂਬੇ ਵਿਚ ਅਫ਼ਗਾਨ ਅਤੇ ਅਮਰੀਕੀ ਬਲਾਂ ਦੇ ਹਵਾਈ ਹਮਲੇ ਵਿਚ 30 ਨਾਗਰਿਕਾਂ ਦੀ ਮੌਤ ਹੋ ਗਈ ਸੀ ਅਤੇ 40 ਜ਼ਖ਼ਮੀ ਹੋਏ ਸਨ।

ਅਫ਼ਗਾਨ ਅਧਿਕਾਰੀਆਂ ਮੁਤਾਬਕ, ਜਿਸ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਥੇ ਤਾਲਿਬਾਨ ਆਪਣੇ ਆਤਮਘਾਤੀ ਹਮਲਾਵਰਾਂ ਨੂੰ ਸਿਖਲਾਈ ਦਿੰਦਾ ਸੀ। ਤਾਲਿਬਾਨ ਦੇ ਇਸ ਟਿਕਾਣੇ 'ਤੇ ਐਤਵਾਰ ਰਾਤ ਕੀਤੀ ਗਈ ਕਾਰਵਾਈ ਦੀ ਲਪੇਟ ਵਿਚ ਕੋਲ ਸਥਿਤ ਲਾੜੀ ਦਾ ਘਰ ਵੀ ਆ ਗਿਆ। ਕਾਰਵਾਈ ਵਿਚ ਅੱਤਵਾਦੀਆਂ ਦਾ ਟਿਕਾਣਾ ਅਤੇ ਉਨ੍ਹਾਂ ਦਾ ਸਾਜ਼ੋ-ਸਾਮਾਨ ਤਬਾਹ ਕਰ ਦਿੱਤਾ ਗਿਆ। ਵਿਦੇਸ਼ੀ ਅੱਤਵਾਦੀ ਵੀ ਇਸ ਟਿਕਾਣੇ ਦਾ ਇਸਤੇਮਾਲ ਕਰਦੇ ਸਨ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਕ ਵਿਦੇਸ਼ੀ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਉਡਾ ਦਿੱਤਾ ਸੀ। ਇਸ ਵਿਚ ਔਰਤਾਂ ਸਮੇਤ ਉਸ ਦੇ ਆਲੇ-ਦੁਆਲੇ ਮੌਜੂਦ ਲੋਕਾਂ ਦੀ ਮੌਤ ਹੋ ਗਈ।