ਕਾਬੁਲ (ਏਐੱਫਪੀ) : ਅਫ਼ਗਾਨਿਸਤਾਨ ਦੀ ਫ਼ੌਜ ਨੇ ਲਗਾਤਾਰ ਤਾਲਿਬਾਨ ਦਾ ਨਿਸ਼ਾਨਾ ਬਣ ਰਹੀਆਂ ਫ਼ੌਜੀ ਚੌਕੀਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦੀ ਥਾਂ ਵੱਡੇ ਫ਼ੌਜੀ ਅੱਡੇ ਬਣਾਏ ਜਾਣਗੇ। ਅਫ਼ਗਾਨ ਫ਼ੌਜ ਨੂੰ ਇਹ ਸੁਝਾਅ ਅਮਰੀਕਾ ਨੇ ਦਿੱਤਾ ਸੀ। ਦੂਰਦਰਾਜ ਦੇ ਇਲਾਕਿਆਂ 'ਚ ਸੁਰੱਖਿਆ ਨੂੰ ਲੈ ਕੇ ਬਣਾਈਆਂ ਗਈਆਂ ਛੋਟੀਆਂ ਚੌਕੀਆਂ 'ਤੇ ਅਕਸਰ ਅੱਤਵਾਦੀ ਹਮਲੇ ਕਰਦੇ ਰਹਿੰਦੇ ਹਨ। ਇਨ੍ਹਾਂ ਹਮਲਿਆਂ 'ਚ ਹਾਲੇ ਤਕ ਹਜ਼ਾਰਾਂ ਫ਼ੌਜੀਆਂ ਦੀ ਜਾਨ ਜਾ ਚੁੱਕੀ ਹੈ।

ਅਫ਼ਗਾਨ ਫ਼ੌਜ ਦੇ ਪ੍ਰਮੁੱਖ ਅਫਸਰ ਜਨਰਲ ਦਾਦਾਨ ਲਵਾਂਗ ਨੇ ਕਿਹਾ ਫ਼ੌਜੀ ਚੌਕੀਆਂ ਹੁਣ ਕੰਮ ਦੀਆਂ ਨਹੀਂ ਰਹੀਆਂ। ਅੱਤਵਾਦੀ ਹਮਲਿਆਂ 'ਚ ਜਾਨ ਗੁਆਉਣ ਵਾਲੇ 50 ਫ਼ੀਸਦੀ ਸੁਰੱਖਿਆ ਮੁਲਾਜ਼ਮ ਇਨ੍ਹਾਂ ਚੌਕੀਆਂ 'ਚ ਹੀ ਸ਼ਹੀਦ ਹੋਏ। ਨਵੀਂ ਯੋਜਨਾ ਦਾ ਮਕਸਦ ਫ਼ੌਜ ਦੀ ਕਾਰਵਾਈ ਨੂੰ ਉਸ ਪੱਧਰ ਤਕ ਪਹੁੰਚਾਉਣਾ ਹੈ ਜਿਥੇ ਅਫ਼ਗਾਨ ਫ਼ੌਜੀ ਅੱਗੇ ਵੱਧ ਕੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਸਕਣ ਨਾ ਕਿ ਉਨ੍ਹਾਂ ਤੋਂ ਬਚਣ ਦੇ ਉਪਾਅ ਕਰਨ। ਅਫ਼ਗਾਨ ਮਿਸ਼ਨ 'ਤੇ ਤਾਇਨਾਤ ਨਾਟੋ ਫ਼ੌਜ ਦੇ ਪ੍ਰਮੁੱਖ ਜਨਰਲ ਸਕਾਟ ਮਿਲਰ ਨੇ ਵੀ ਕਿਹਾ ਹੈ ਕਿ ਫ਼ੌਜੀ ਚੌਕੀਆਂ ਨੂੰ ਬੰਦ ਕਰਨਾ ਇਕ ਫ਼ੈਸਲਾਕੁੰਨ ਕਦਮ ਹੈ।