ਕਾਬੁਲ (ਏਐੱਫਪੀ) : ਅਫ਼ਗਾਨਿਸਤਾਨ 'ਚ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਨੇ ਰਾਸ਼ਟਰਪਤੀ ਅਸ਼ਰਫ ਗਨੀ 'ਤੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਅਬਦੁੱਲਾ ਦੇ ਇਸ ਦਾਅਵੇ ਨਾਲ ਖਾਨਾਜੰਗੀ ਦੇ ਸ਼ਿਕਾਰ ਦੇਸ਼ 'ਚ ਸਿਆਸੀ ਤਣਾਅ ਵਧਣ ਦੀ ਸ਼ੰਕਾ ਹੈ। ਦੇਸ਼ 'ਚ ਸ਼ਨਿਚਰਵਾਰ ਨੂੰ ਮਤਦਾਨ ਹੋਇਆ ਸੀ।

ਅਬਦੁੱਲਾ ਤੇ ਅਸ਼ਰਫ ਗਨੀ ਦਰਮਿਆਨ 2014 ਦੀਆਂ ਚੋਣਾਂ 'ਚ ਵੀ ਮੁਕਾਬਲਾ ਹੋਇਆ ਸੀ ਜਿਸ 'ਚ ਦੇਸ਼ 'ਚ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਅਮਰੀਕਾ ਦੇ ਦਖ਼ਲ ਨਾਲ ਗਨੀ ਨੇ ਰਾਸ਼ਟਰਪਤੀ ਅਹੁਦਾ ਤੇ ਅਬਦੁੱਲਾ ਨੇ ਦੇਸ਼ ਦੇ ਮੁੱਖ ਕਾਰਜਕਾਰੀ ਦਾ ਅਹੁਦਾ ਸੰਭਾਲਿਆ ਸੀ। ਐਤਵਾਰ ਨੂੰ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਚੋਣਾਂ 'ਚ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਪਰ ਉਨ੍ਹਾਂ ਨੇ ਇਸ ਦਾਅਵੇ ਦੇ ਕਾਰਨ ਸਪਸ਼ਟ ਨਹੀਂ ਕੀਤੇ। ਅਬਦੁੱਲਾ ਨੇ ਕਿਹਾ, ਚੋਣ ਨਤੀਜੇ ਆਈਈਸੀ (ਸੁਤੰਤਰ ਚੋਣ ਕਮਿਸ਼ਨ) ਐਲਾਨ ਕਰੇਗਾ ਪਰ ਉਨ੍ਹਾਂ ਨੂੰ ਪਤਾ ਹੈ ਕਿ ਸਭ ਤੋਂ ਵੱਧ ਵੋਟਾਂ ਉਨ੍ਹਾਂ ਨੂੰ ਹੀ ਮਿਲੀਆਂ ਹਨ। ਪਹਿਲੇ ਹੀ ਗੇੜ ਦੀ ਗਿਣਤੀ 'ਚ ਉਨ੍ਹਾਂ ਨੂੰ ਏਨੀਆਂ ਵੋਟਾਂ ਮਿਲ ਜਾਣਗੀਆਂ ਕਿ ਅਗਲੇ ਗੇੜ ਦੀ ਗਿਣਤੀ ਦੀ ਲੋੜ ਹੀ ਨਹੀਂ ਪਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਕੁਝ ਸਰਕਾਰੀ ਅਧਿਕਾਰੀ ਚੋਣਾਂ ਦੀ ਨਿਰਪੱਖਤਾ ਨੂੰ ਖ਼ਤਮ ਕਰਨ ਦੇ ਯਤਨ 'ਚ ਲੱਗੇ ਹੋਏ ਹਨ ਪਰ ਉਹ ਸਫਲ ਨਹੀਂ ਹੋਣਗੇ।

ਆਈਈਸੀ ਮੁਤਾਬਕ ਮੁੱਢਲੇ ਨਤੀਜੇ 19 ਅਕਤੂਬਰ ਤੋਂ ਪਹਿਲਾਂ ਨਹੀਂ ਆਉਣਗੇ। ਜੇਕਰ ਕਿਸੇ ਉਮੀਦਵਾਰ ਨੂੰ ਪਹਿਲੇ ਗੇੜ ਦੀ ਗਿਣਤੀ 'ਚ 50 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਨਹੀਂ ਮਿਲਦੀਆਂ ਹਨ ਤਾਂ ਦੂਜੇ ਗੇੜ ਦੀ ਗਿਣਤੀ ਹੋਵੇਗੀ। ਆਈਈਸੀ ਦੇ ਸੀਨੀਅਰ ਅਧਿਕਾਰੀ ਹਬੀਬ ਰਹਿਮਾਨ ਨਾਂਗ ਨੇ ਅਬਦੁੱਲਾ ਦੇ ਦਾਅਵੇ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਗ਼ੈਰ ਪਰਪੱਕਤਾ ਦੀ ਨਿਸ਼ਾਨੀ ਦੱਸਿਆ ਹੈ। ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਖ਼ੁਦ ਨੂੰ ਜੇਤੂ ਐਲਾਨ ਕਰਨ ਦਾ ਅਧਿਕਾਰ ਨਹੀਂ ਹੈ। ਇਹ ਆਈਈਸੀ ਦਾ ਅਧਿਕਾਰ ਹੈ ਕਿ ਉਹ ਜੇਤੂ ਦਾ ਨਾਂ ਐਲਾਨ ਕਰੇ। ਅਬਦੁੱਲਾ 2009 ਦੀਆਂ ਚੋਣਾਂ ਤੋਂ ਰਾਸ਼ਟਰਪਤੀ ਬਣਨ ਲਈ ਯਤਨਸ਼ੀਲ ਹਨ। ਇਹ ਤੀਜੀ ਚੋਣ ਹੋਵੇਗੀ ਜਦੋਂ ਉਹ ਰਾਸ਼ਟਰਪਤੀ ਅਹੁਦੇ ਦੇ ਵੱਡੇ ਦਾਅਵੇਦਾਰ ਹਨ।