ਦੁਬਈ (ਏਐੱਫਪੀ) : ਯਮਨ ਦੇ ਮਾਰਿਬ ਸੂਬੇ 'ਚ ਹਾਊਤੀ ਬਾਗੀਆਂ ਵੱਲੋਂ ਇਕ ਮਸਜਿਦ 'ਤੇ ਕੀਤੇ ਗਏ ਮਿਜ਼ਾਈਲ ਤੇ ਡਰੋਨ ਹਮਲੇ 'ਚ 83 ਫ਼ੌਜੀਆਂ ਦੀ ਜਾਨ ਚਲੀ ਗਈ ਜਦਕਿ 148 ਜ਼ਖ਼ਮੀ ਹੋ ਗਏ। ਇਹ ਹਮਲਾ ਸ਼ਨਿਚਰਵਾਰ ਨੂੰ ਉਸ ਸਮੇਂ ਕੀਤਾ ਗਿਆ ਜਦੋਂ ਫ਼ੌਜੀ ਸ਼ਾਮ ਦੀ ਨਮਾਜ਼ ਅਦਾ ਕਰ ਰਹੇ ਸਨ। ਇਕ ਮਹੀਨੇ ਦੀ ਸ਼ਾਂਤੀ ਪਿੱਛੋਂ ਹਾਊਤੀ ਬਾਗੀਆਂ ਵੱਲੋਂ ਇਹ ਹਮਲਾ ਕੀਤਾ ਗਿਆ।

ਇਹ ਹਮਲਾ ਯਮਨ ਤੇ ਸਾਊਦੀ ਅਰਬ ਦੀਆਂ ਸਾਂਝੀਆਂ ਫ਼ੌਜਾਂ ਵੱਲੋਂ ਸਨਾ ਦੇ ਉੱਤਰੀ ਇਲਾਕੇ ਨਿਹਮ ਵਿਚ ਹਾਊਤੀ ਬਾਗੀਆਂ ਖ਼ਿਲਾਫ਼ ਸ਼ੁਰੂ ਕੀਤੀ ਕਾਰਵਾਈ ਦੇ ਇਕ ਦਿਨ ਬਾਅਦ ਕੀਤਾ ਗਿਆ ਹੈ। ਸਾਬਾ ਖ਼ਬਰ ਏਜੰਸੀ ਅਨੁਸਾਰ ਨਿਹਮ ਵਿਚ ਐਤਵਾਰ ਨੂੰ ਵੀ ਗੋਲ਼ੀਬਾਰੀ ਜਾਰੀ ਰਹੀ ਜਿਸ ਵਿਚ ਦਰਜਨਾਂ ਹਾਊਤੀ ਬਾਗੀ ਮਾਰੇ ਗਏ।

ਯਮਨ ਦੇ ਰਾਸ਼ਟਰਪਤੀ ਆਬਿਦ ਰੱਬੂ ਮਨਸੂਰ ਹਾਦੀ ਨੇ ਇਸ ਕਾਇਰਾਨਾ ਹਮਲੇ ਦੀ ਨਿੰਦਾ ਕੀਤੀ ਹੈ। ਹਾਦੀ ਨੇ ਕਿਹਾ ਕਿ ਹਾਊਤੀ ਬਾਗੀਆਂ ਦੇ ਇਸ ਹਮਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਦੇਸ਼ ਵਿਚ ਸ਼ਾਂਤੀ ਸਥਾਪਿਤ ਕਰਨ ਵਿਚ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦੇਣਾ ਚਾਹੁੰਦੇ। ਉਹ ਮੌਤ ਅਤੇ ਤਬਾਹੀ ਦੇ ਇਲਾਵਾ ਕੁਝ ਹੋਰ ਨਹੀਂ ਜਾਣਦੇ। ਫਿਲਹਾਲ ਹਾਊਤੀ ਬਾਗੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਹਾਊਤੀ ਬਾਗੀਆਂ ਨੇ 2014 ਦੇ ਅੰਤ ਵਿਚ ਯਮਨ ਦੀ ਰਾਜਧਾਨੀ ਸਨਾ ਸਮੇਤ ਦੇਸ਼ ਦੇ ਜ਼ਿਆਦਾਤਰ ਉੱਤਰੀ ਹਿੱਸੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਸ ਦੇ ਨਾਲ ਉੱਥੇ ਖਾਨਾਜੰਗੀ ਸ਼ੁਰੂ ਹੋ ਗਈ। ਤਦ ਤੋਂ ਅੰਤਰਰਾਸ਼ਟਰੀ ਬਰਾਦਰੀ ਵੱਲੋਂ ਮਾਨਤਾ ਪ੍ਰਰਾਪਤ ਯਮਨ ਸਰਕਾਰ ਦੇ ਫ਼ੌਜੀ ਸਾਊਦੀ ਅਰਬ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਨਾਲ ਮਿਲ ਕੇ ਬਾਗੀਆਂ ਨਾਲ ਲੜ ਰਹੇ ਹਨ। ਇਸ ਲੜਾਈ ਵਿਚ ਹਜ਼ਾਰਾਂ ਨਾਗਰਿਕ ਮਾਰੇ ਗਏ ਅਤੇ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ।