ਢਾਕਾ (ਆਈਏਐੱਨਐੱਸ) : ਮੁਕਤੀ ਸੰਗਰਾਮ ਦੇ 48 ਸਾਲ ਬਾਅਦ ਬੰਗਲਾਦੇਸ਼ ਨੇ ਸਰਹੱਦ 'ਤੇ ਲੱਗੇ ਸਾਰੇ ਪਿੱਲਰਾਂ ਤੋਂ ਪਾਕਿਸਤਾਨ ਦਾ ਨਾਂ ਹਟਾ ਦਿੱਤਾ ਹੈ। 1947 ਵਿਚ ਪੂਰਬੀ ਪਾਕਿਸਤਾਨ ਨੂੰ ਵੰਡਣ ਵਾਲੀ ਸਰਹੱਦ 'ਤੇ ਇਨ੍ਹਾਂ ਪਿੱਲਰਾਂ ਨੂੰ ਸਥਾਪਤ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਿਰਦੇਸ਼ਾਂ 'ਤੇ ਬਾਰਡਰ ਗਾਰਡ ਆਫ ਬੰਗਲਾਦੇਸ਼ (ਬੀਜੀਬੀ) ਨੇ ਆਪਣੇ ਫੰਡ ਤੋਂ ਇਸ ਕੰਮ ਨੂੰ ਪੂਰਾ ਕੀਤਾ ਹੈ। ਜ਼ਿਕਰਯੋਗ ਹੈ ਕਿ 1971 ਵਿਚ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਬੰਗਲਾਦੇਸ਼ ਵੱਖਰੇ ਰਾਸ਼ਟਰ ਦੇ ਰੂਪ ਵਿਚ ਹੋਂਦ ਵਿਚ ਆਇਆ ਸੀ। ਬੀਜੀਬੀ ਨੇ ਮੀਡੀਆ ਨੂੰ ਇਕ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਬੰਗਲਾਦੇਸ਼ ਦੇ ਸਾਰੇ ਬਾਰਡਰ ਪਿੱਲਰਾਂ 'ਤੇ ਪਾਕਿਸਤਾਨ/ਪਾਕਿ ਦੇ ਸਥਾਨ 'ਤੇ ਬੰਗਲਾਦੇਸ਼/ਬੀਡੀ ਲਿਖ ਦਿੱਤਾ ਗਿਆ ਹੈ। ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਰਹੱਦ 'ਤੇ 8,000 ਤੋਂ ਜ਼ਿਆਦਾ ਪਿੱਲਰ ਸਥਾਪਤ ਕੀਤੇ ਗਏ ਸਨ। ਇਨ੍ਹਾਂ 'ਤੇ ਭਾਰਤ/ਪਾਕਿ (ਭਾਰਤ-ਪਾਕਿਸਤਾਨ) ਲਿਖਿਆ ਹੋਇਆ ਸੀ। ਇਹ ਪਿੱਲਰ ਸਰਹੱਦੀ ਇਲਾਕਿਆਂ ਸਤਖਿਰਾ, ਜੈਸੋਰ, ਚੁਡੰਗਾ, ਕੁਸ਼ਤੀਆ, ਰਾਜਸ਼ਾਹੀ, ਚਪਾਈਨਵਾਬਗੰਜ, ਨੌਗਾਓਂ, ਮੈਮੇਨਸਿੰਘ, ਜਮਾਲਪੁਰ, ਸੁਨਾਮਗੰਜ, ਸਿਲਹਟ, ਕੋਮਿਲਾ ਅਤੇ ਚਟਗਾਓਂ ਇਲਾਕਿਆਂ ਵਿਚ ਸਥਾਪਤ ਕੀਤੇ ਗਏ ਸਨ।

Posted By: Susheel Khanna