ਕੁਲਵੰਤ ਉੱਭੀ ਧਾਲੀਆਂ, ਫਰਿਜ਼ਨੋ, ਕੈਲੀਫੋਰਨੀਆ : ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ ਸਿੱਖ ਸੈਂਟਰ ਆਫ ਪੈਸੀਫਿਕ ਕੌਸਟ ਵਿਖੇ ਸੈਂਟਰਲ ਵੈਲੀ ਵਿਖੇ ਵਿਸਾਖੀ ਨੂੰ ਸਮਰਪਿਤ 25ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਇਸ ਮੌਕੇ ਸਿੱਖ ਸੰਗਤਾਂ ਅਤੇ ਰਾਗੀ-ਢਾਡੀ, ਕਥਾ ਵਾਚਕ, ਕੀਰਤਨੀ ਜਥਿਆਂ ਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਨਗਰ ਕੀਰਤਨ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆ ਸਟੇਟ ਦੇ ਝੰਡੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਸਜੇ ਫਲੌਟ ਪਿਛੇ ਅਨੇਕਾਂ ਸਿੱਖ ਧਰਮ ਨਾਲ ਸਬੰਧਤ ਝਾਕੀਆਂ ਨੇ ਇਕ ਨਵੇਂ ਵੱਸੇ ਅਮਰੀਕਨ ਪੰਜਾਬ ਦੀ ਤਸਵੀਰ ਪੇਸ਼ ਕੀਤੀ।

ਨਗਰ ਕੀਰਤਨ ਦੌਰਾਨ ਚਾਰ ਚੁਫੇਰੇ ਲਿਸ਼ਕਦੀਆਂ ਕੇਸਰੀ ਪੱਗਾਂ ਅਤੇ ਚੁੰਨੀਆਂ ਅਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਨਾਲ ਸਾਰਾ ਸੈਲਮਾ ਸ਼ਹਿਰ ਖ਼ਾਲਸਾਈ ਰੰਗ ਵਿਚ ਰੰਗਿਆ ਗਿਆ। ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਅਲੌਕਿਕ ਅਤੇ ਰੂਹਾਨੀ ਦਿ੍ਸ਼ ਪੇਸ਼ ਕਰ ਰਹੀ ਸੀ। ਇਸੇ ਦੌਰਾਨ ਪੰਜਾਬੀ ਸਕੂਲਾਂ ਦੇ ਬੱਚੇ ਆਪਣੇ ਫਲੋਟਾਂ ਰਾਹੀਂ ਅਮਰੀਕਨ ਲੋਕਾਂ ਨਾਲ ਇਤਿਹਾਸਕ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸ ਨਗਰ ਕੀਰਤਨ 'ਚ ਵੱਖ-ਵੱਖ ਸੁਆਦੀ ਖਾਣਿਆਂ ਦੀਆਂ ਸਟਾਲਾਂ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆ।