ਢਾਕਾ (ਪੀਟੀਆਈ) : ਬੰਗਲਾਦੇਸ਼ ਤੋਂ 200 ਭਾਰਤੀ ਨਾਗਰਿਕ ਸੜਕੀ ਰਸਤੇ ਰਾਹੀਂ ਦੇਸ਼ ਪਰਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉੱਤਰੀ-ਪੂਰਬੀ ਰਾਜਾਂ ਦੇ ਰਹਿਣ ਵਾਲੇ ਹਨ। ਇਹ ਲੋਕ ਕੋਰੋਨਾ ਵਾਇਰਸ ਕਾਰਨ ਲਗਾਈਆਂ ਪਾਬੰਦੀਆਂ ਕਾਰਨ ਬੰਗਲਾਦੇਸ਼ ਵਿਚ ਫਸੇ ਹੋਏ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਬੰਗਲਾਦੇਸ਼ ਵਿਚ ਭਾਰਤੀ ਰਾਜਦੂਤ ਰਿਵਾ ਗਾਂਗੁਲੀ ਨੇ ਦੱਸਿਆ ਕਿ ਇਹ ਲੋਕ ਤਿੰਨ ਸਰਹੱਦੀ ਰਸਤਿਆਂ ਰਾਹੀਂ ਦੇਸ਼ ਪਰਤੇ ਹਨ।

ਭਾਰਤੀ ਦੂਤਘਰ ਨੇ ਕੁਝ ਵੀਡੀਓ ਵੀ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਦੱਸਿਆ ਗਿਆ ਹੈ ਕਿ ਕੁਝ ਭਾਰਤੀ ਵਿਦਿਆਰਥੀ ਬੰਗਲਾਦੇਸ਼ ਤੋਂ ਦੇਸ਼ ਪਰਤਣ 'ਤੇ ਕਿੰਨ ਖ਼ੁਸ਼ ਸਨ। ਭਾਰਤੀ ਦੂਤਘਰ ਨੇ ਆਪਣੀ ਵੈੱਬਸਾਈਟ 'ਤੇ ਇਕ ਲਿੰਕ ਸ਼ੇਅਰ ਕਰ ਕੇ ਕਿਹਾ ਹੈ ਜੋ ਵੀ ਭਾਰਤੀ ਬੰਗਲਾਦੇਸ਼ ਤੋਂ ਦੇਸ਼ ਪਰਤਣਾ ਚਾਹੁੰਦਾ ਹੈ ਉਹ ਭਾਰਤੀ ਦੂਤਘਰ ਨਾਲ ਸੰਪਰਕ ਕਰੇ। ਬੰਗਲਾਦੇਸ਼ ਤੋਂ ਭਾਰਤੀ ਨਾਗਰਿਕਾਂ ਦੀ ਵਾਪਸੀ 8 ਮਈ ਤੋਂ ਸ਼ੁਰੂ ਹੋਈ ਸੀ ਜਦੋਂ 168 ਲੋਕਾਂ ਦਾ ਪਹਿਲਾ ਜੱਥਾ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ ਢਾਕਾ ਤੋਂ ਸ੍ਰੀਨਗਰ ਪੁੱਜਾ ਸੀ। ਇਸ ਤੋਂ ਇਲਾਵਾ ਢਾਕਾ ਤੋਂ ਪੰਜ ਵਿਸ਼ੇਸ਼ ਉਡਾਣਾਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਅਤੇ ਸ੍ਰੀਨਗਰ ਲਈ ਭੇਜੀਆਂ ਗਈਆਂ ਸਨ।

Posted By: Rajnish Kaur