ਕਮਲਜੀਤ ਬੁੱਟਰ, ਕੈਲਗਰੀ : ਸਾਲ 2026 ਦੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਵਾਸਤੇ ਕੈਲਗਰੀ ਵੱਲੋਂ ਕੀਤੀ ਗਈ ਕੋਸ਼ਿਸ਼ ਟੈਕਸ-ਪੇਅਰਜ਼ ਨੂੰ 1.7 ਕਰੋੜ ਦਾ ਰਗੜਾ ਲਗਾ ਗਈ ਦੱਸੀ ਜਾਂਦੀ ਹੈ। ਕੈਲਗਰੀ ਸਿਟੀ ਕੌਂਸਲ ਵੱਲੋਂ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਵਾਸਤੇ ਜ਼ੋਰ ਲਗਾਇਆ ਜਾ ਰਿਹਾ ਸੀ ਪਰ ਸ਼ਹਿਰ ਵਾਸੀਆਂ ਨੇ ਕਰਵਾਏ ਗਏ ਪਲੈਬੀਸਾਈਟ 'ਚ ਇਸ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਸੀ। ਸਿਟੀ ਵੱਲੋਂ ਇਸ ਸਬੰਧੀ ਖ਼ਰਚਿਆਂ ਨੂੰ ਲੈ ਕੇ ਫਾਈਨਲ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ। ਸ਼ੁਰੂ ਵਿਚ ਇਨ੍ਹਾਂ ਖੇਡਾਂ ਦੇ ਆਯੋਜਨ ਨੂੰ ਹਾਸਲ ਕਰਨ ਵਾਸਤੇ 3 ਕਰੋੜ ਡਾਲਰ ਦੀ ਰਕਮ ਤਕ ਦਾ ਖ਼ਰਚ ਕੀਤੇ ਜਾਣ ਦੀ ਯੋਜਨਾ ਸੀ ਜਿਸ ਵਿਚ 10-10 ਮਿਲੀਅਨ ਡਾਲਰ ਦੀ ਰਕਮ ਸੂਬਾ ਅਤੇ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਣੀ ਸੀ।ਨਵੰਬਰ 2018 'ਚ ਕਰਵਾਏ ਗਏ ਪਲੈਬੀਸਾਈਟ ਵਿਚ ਕੈਲਗਰੀ ਵਾਸੀਆਂ ਨੇ ਇਸ ਯੋਜਨਾ ਨੂੰ ਮੂਧੇ ਮੂੰਹ ਸੁੱਟ ਦਿੱਤਾ ਸੀ। ਇਸ ਪਲੈਬੀਸਾਈਟ ਉੱਪਰ 22 ਲੱਖ ਡਾਲਰ ਦਾ ਖ਼ਰਚਾ ਆਇਆ ਸੀ ਜਿਸ ਵਿਚੋਂ 20 ਲੱਖ ਡਾਲਰ ਦੀ ਅਦਾਇਗੀ ਸੂਬਾ ਸਰਕਾਰ ਵੱਲੋਂ ਕੀਤੀ ਗਈ ਸੀ। ਕੈਲਗਰੀ ਨਿਵਾਸੀਆਂ ਵਿਚੋਂ 56.4 ਫ਼ੀਸਦੀ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਤੋਂ ਨਾਂਹ ਕਰ ਦਿੱਤੀ ਸੀ। ਸਿਟੀ ਵੱਲੋਂ ਬਿਡ ਐਕਸਪਲੋਰੇਸ਼ਨ ਐਂਡ ਡਿਵੈਲਪਮੈਂਟ ਕਮੇਟੀ ਬਣਾਈ ਗਈ ਸੀ। 44 ਲੱਖ ਡਾਲਰ ਦੀ ਰਕਮ ਫੈਡਰਲ ਸਰਕਾਰ ਵੱਲੋਂ, 42 ਲੱਖ ਡਾਲਰ ਸੂਬਾ ਸਰਕਾਰ ਵੱਲੋਂ ਅਤੇ 40 ਲੱਖ ਡਾਲਰ ਸਿਟੀ ਵੱਲੋਂ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਦੀਆਂ ਸੰਭਾਵਨਾਵਾਂ ਲੱਭਣ ਉੱਪਰ ਹੀ ਖ਼ਰਚ ਕਰ ਦਿੱਤੇ ਗਏ ਤੇ ਸਿਟੀ ਵੱਲੋਂ 27 ਲੱਖ ਡਾਲਰ ਦੀ ਵੱਖਰੇ ਤੌਰ 'ਤੇ ਖ਼ਰਚ ਕੀਤੇ ਗਏ ਦੱਸੇ ਗਏ ਹਨ।