ਮਾਸਕੋ (ਏਐੱਫਪੀ) : ਰੂਸ ਦੇ ਸਾਈਬੇਰੀਆ ਖੇਤਰ 'ਚ ਬੰਨ੍ਹ ਟੁੱਟਣ ਨਾਲ ਆਏ ਹੜ੍ਹ ਦੀ ਵਜ੍ਹਾ ਨਾਲ ਸੋਨੇ ਦੀ ਖਾਨ 'ਚ 15 ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਕ੍ਰਾਸਨੋਯਾਸਕ 'ਚ ਸੀਬਾ ਨਦੀ 'ਤੇ ਬਣਿਆ ਬੰਨ੍ਹ ਸ਼ਨਿਚਰਵਾਰ ਦੀ ਸਵੇਰ ਛੇ ਵਜੇ ਟੁੱਟ ਗਿਆ। ਉਸ ਸਮੇਂ ਖਾਨ ਦੇ ਮਜ਼ਦੂਰ ਆਪਣੇ ਕੈਬਿਨਾਂ 'ਚ ਆਰਾਮ ਕਰ ਰਹੇ ਸਨ। ਹੜ੍ਹ ਦੇ ਪਾਣੀ ਨਾਲ ਕਈ ਕੈਬਿਨ ਤਬਾਹ ਹੋ ਗਏ। ਹਾਦਸੇ 'ਚ 13 ਲੋਕ ਲਾਪਤਾ ਵੀ ਹੋਏ ਹਨ। 14 ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਲਾਪਤਾ ਲੋਕਾਂ ਦੀ ਖੋਜ ਤੇ ਉਨ੍ਹਾਂ ਦੀ ਮਦਦ ਲਈ ਬਚਾਅ ਦਲ ਦੇ 300 ਮੈਂਬਰ, ਛੇ ਹੈਲੀਕਾਪਟਰਾਂ ਤੇ ਛੇ ਕਿਸ਼ਤੀਆਂ ਦੀ ਮਦਦ ਲਈ ਜਾ ਰਹੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀੜਤਾਂ ਦੀ ਮਦਦ ਤੇ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਨ੍ਹ ਦਾ ਨਾਜਾਇਜ਼ ਨਿਰਮਾਣ ਹੋਇਆ ਸੀ ਤੇ ਉਸ 'ਚ ਸੁਰੱਖਿਆ ਨਿਯਮਾਂ ਦੀ ਵੀ ਅਣਦੇਖੀ ਕੀਤੀ ਗਈ ਸੀ। ਖਾਨ 'ਚ ਕੰਮ ਕਰਨ ਵਾਲੇ ਇਕ ਮਜ਼ਦੂਰ ਮੁਤਾਬਕ ਖੇਤਰ 'ਚ ਚਾਰ ਬੰਨ੍ਹ ਹਨ, ਜਿਨ੍ਹਾਂ ਦਾ ਨਿਰਮਾਣ ਤਿੰਨ ਸਾਲ ਪਹਿਲਾਂ ਹੀ ਹੋਇਆ ਹੈ। ਖੇਤਰੀ ਗਵਰਨਰ ਅਲੈਗਜ਼ੈਂਡਰ ਮੁਤਾਬਕ ਲਗਾਤਾਰ ਬਾਰਿਸ਼ ਕਾਰਨ ਬੰਨ੍ਹ ਕਮਜ਼ੋਰ ਹੋਇਆ ਤੇ ਟੁੱਟ ਗਿਆ। ਖ਼ਰਾਬ ਮੈਨੇਜਮੈਂਟ ਤੇ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਾਰਨ ਰੂਸ 'ਚ ਇਸ ਤਰ੍ਹਾਂ ਦੇ ਹਾਦਸੇ ਆਮ ਹਨ। 2009 'ਚ ਰੂਸ ਦੇ ਸਭ ਤੋਂ ਵੱਡੇ ਪਣਬਿਜਲੀ ਪਲਾਂਟ 'ਚ ਹੜ੍ਹ ਆਉਣ ਨਾਲ 75 ਲੋਕਾਂ ਦੀ ਮੌਤ ਹੋ ਗਈ ਸੀ।