ਕਾਠਮੰਡੂ (ਪੀਟੀਆਈ) : ਦੱਖਣੀ ਨੇਪਾਲ ਵਿਚ ਸੋਮਵਾਰ ਨੂੰ ਭਾਰਤ ਤੋਂ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਇਕ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਜਦਕਿ 22 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬਾਂਕੇ ਜ਼ਿਲ੍ਹੇ 'ਚ ਵਾਪਰਿਆ। ਇਹ ਬੱਸ 30 ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਸੀ ਕਿ ਰਸਤੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਨੇਪਾਲ ਦੀ ਪੁਲਿਸ ਤੇ ਹਥਿਆਰਬੰਦ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕੰਮ ਕਰਨ ਵਾਲੇ ਸੈਂਕੜੇ ਨੇਪਾਲੀ ਮਜ਼ਦੂਰ ਭਾਰਤ-ਨੇਪਾਲ ਸਰਹੱਦ 'ਤੇ ਕੋਵਿਡ-19 ਕਾਰਨ ਰੁਕੇ ਹੋਏ ਹਨ ਤੇ ਆਪਣੇ ਘਰਾਂ ਨੂੰ ਜਾਣ ਦੇ ਇੱਛੁਕ ਹਨ। ਜ਼ਿਆਦਾਤਰ ਕਾਮੇ ਪੱਛਮੀ ਨੇਪਾਲ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਹਨ।