ਅਵਤਾਰ ਸਿੰਘ ਟਹਿਣਾ, ਆਕਲੈਂਡ : ਮੁਸਲਿਮ ਔਰਤਾਂ ਵੱਲੋਂ ਪਾਇਆ ਜਾਣ ਵਾਲਾ ਹਿਜਾਬ ਵੀ ਹੁਣ ਨਿਊਜ਼ੀਲੈਂਡ ਪੁਲਿਸ ਦੀ ਵਰਦੀ ਦਾ ਅਹਿਮ ਹਿੱਸਾ ਬਣ ਗਿਆ ਹੈ। ਜ਼ੀਨਾ ਅਲੀ ਅਜਿਹਾ ਹਿਜਾਬ ਪਾਉਣ ਵਾਲੀ ਨਿਊਜ਼ੀਲੈਂਡ ਦੀ ਪਹਿਲੀ ਪੁਲਿਸ ਅਫਸਰ ਹੋਵੇਗੀ ਜੋ ਅਗਲੇ ਦਿਨੀਂ ਪੁਲਿਸ ਗ੍ਰੈਜੂਏਟ ਬਣ ਜਾਵੇਗੀ। ਉਹ ਅਗਲੇ ਦਿਨੀਂ ਪੁਲਿਸ ਵਿਭਾਗ ਵੱਲੋਂ ਦਿੱਤਾ ਗਿਆ ਹਿਜਾਬ ਪਾ ਕੇ ਆਕਲੈਂਡ ਦੇ ਟਾਮਾਕੀ ਮੁਕੌਰਊ ਖੇਤਰ 'ਚ ਡਿਊਟੀ ਕਰੇਗੀ। ਇਸ ਤੋਂ ਪਹਿਲਾਂ ਸਾਲ 2008 'ਚ ਪੱਗ ਨੂੰ ਮਾਨਤਾ ਦਿੱਤੀ ਗਈ ਸੀ ਤੇ ਜਗਮੋਹਨ ਸਿੰਘ ਮੱਲ੍ਹੀ ਪੱਗ ਬੰਨ੍ਹ ਕੇ ਡਿਊਟੀ ਕਰਨ ਵਾਲਾ ਪਹਿਲਾ ਪੁਲਿਸ ਅਫਸਰ ਬਣਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਹਿਜਾਬ ਤਿਆਰ ਕਰਨ ਦਾ ਮਾਣ 30 ਸਾਲਾ ਕੁੜੀ ਜ਼ੀਨਾ ਅਲੀ ਦੇ ਹਿੱਸੇ ਆਇਆ ਹੈ। ਮੈਸੀ ਯੂਨੀਵਰਸਿਟੀ ਦੇ ਡਿਜ਼ਾਈਨ ਸਕੂਲ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਜ਼ੀਨਾ ਛੋਟੇ ਜਿਹੇ ਦੇਸ਼ ਫਿਜੀ ਦੀ ਜੰਮਪਲ ਹੈ ਪਰ ਬਚਪਨ 'ਚ ਆਪਣੇ ਮਾਪਿਆਂ ਨਾਲ ਨਿਊਜ਼ੀਲੈਂਡ ਆ ਗਈ ਸੀ। ਇਹ ਹਿਜਾਬ ਤਿਆਰ ਕਰਨ 'ਚ ਜ਼ੀਨਾ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ ਜੋ ਹੁਣ ਆਪਣੀ ਡਿਊਟੀ ਦੇ ਨਾਲ-ਨਾਲ ਆਪਣਾ ਧਾਰਮਿਕ ਚਿੰਨ੍ਹ ਵੀ ਪਾ ਸਕੇਗੀ। ਉਸ ਨੇ ਦੱਸਿਆ ਕਿ ਹਿਜਾਬ ਤਿਆਰ ਕਰਨ ਦਾ ਕੰਮ ਉਸ ਨੇ ਪੁਲਿਸ ਕਾਲਜ ਵਿਚ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ।ਜਿਸ ਦੌਰਾਨ ਹਿਜਾਬ ਦੇ ਡਿਜ਼ਾਈਨ ਅਤੇ ਇਸ ਦੇ ਸੁਧਾਰਾਂ ਬਾਰੇ ਕਈ ਵਾਰ ਅਧਿਕਾਰੀਆਂ ਨਾਲ ਵਿਚਾਰਾਂ ਹੋਈਆਂ ਸਨ ਅਤੇ ਬਾਅਦ 'ਚ ਅੰਤਿਮ ਰੂਪ ਦਿੱਤਾ ਗਿਆ ਸੀ।

ਜ਼ੀਨਾ ਨੇ ਦੱਸਿਆ ਕਿ ਉਹ ਹਿਜਾਬ ਪਾ ਕੇ ਡਿਊਟੀ ਕਰਨ ਲਈ ਬਹੁਤ ਹੀ ਉਤਸੁਕ ਹੈ ਅਤੇ ਹੁਣ ਪੂਰੇ ਮਾਣ ਨਾਲ ਆਪਣੀ ਮੁਸਲਿਮ ਕਮਿਊਨਿਟੀ ਦੀ ਪ੍ਰਤੀਨਿਧਤਾ ਕਰ ਸਕੇਗੀ। ਅਲੀ ਨੂੰ ਉਹ ਦਿਨ ਯਾਦ ਹਨ ਜਦੋਂ ਉਸ ਨੇ ਕਸਟਮਰ ਕੇਅਰ ਦੀ ਜਾਬ ਛੱਡ ਕੇ ਪੁਲਿਸ ਵਿਭਾਗ ਵੱਲ ਆਉਣ ਦਾ ਫ਼ੈਸਲਾ ਕੀਤਾ ਸੀ। ਜ਼ੀਨਾ ਮਹਿਸੂਸ ਕਰਦੀ ਹੈ ਕਿ ਮਾਰਚ 2019 'ਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਬੰਦੂਕਧਾਰੀ ਵੱਲੋਂ ਕੀਤੇ ਹਮਲੇ ਦੌਰਾਨ 51 ਨਮਾਜ਼ੀਆਂ ਦੇ ਮਾਰੇ ਜਾਣ ਉਪਰੰਤ ਉਸ ਨੇ ਮਹਿਸੂਸ ਕੀਤਾ ਸੀ ਕਿ ਨਿਊਜ਼ੀਲੈਂਡ ਪੁਲਿਸ 'ਚ ਹੋਰ ਜ਼ਿਆਦਾ ਮੁਸਲਮਾਨ ਔਰਤ ਅਫਸਰ ਦੀ ਲੋੜ ਹੈ। ਉਸ ਦਾ ਇਹ ਵੀ ਮੰਨਣਾ ਹੈ ਕਿ ਹਿਜਾਬ ਨੂੰ ਵਰਦੀ ਦਾ ਹਿੱਸਾ ਬਣਾਏ ਜਾਣ ਕਰਕੇ ਹੋਰ ਵੀ ਬਹੁਤ ਸਾਰੀਆਂ ਮੁਸਲਿਮ ਕੁੜੀਆਂ ਲਈ ਪੁਲਿਸ ਵਿਭਾਗ ਲਈ ਦਰਵਾਜ਼ਾ ਖੁੱਲ੍ਹ ਸਕਦਾ ਹੈ ਜੋ ਪਹਿਲਾਂ ਹਿਜਾਬ ਦੀ ਦਿੱਕਤ ਕਾਰਨ ਪੁਲਿਸ 'ਚ ਭਰਤੀ ਹੋਣ ਤੋਂ ਝਿਜਕਦੀਆਂ ਸਨ।

ਦੱਸਣਯੋਗ ਹੈ ਕਿ ਅੱਜ ਤੋਂ 12 ਕੁ ਸਾਲ ਪਹਿਲਾਂ ਪੰਜਾਬੀ ਨੌਜਵਾਨ ਜਗਮੋਹਨ ਸਿੰਘ ਮੱਲ੍ਹੀ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਕੇ ਪੱਗ ਨੂੰ ਨਿਊਜ਼ੀਲੈਂਡ ਪੁਲਿਸ ਦੀ ਵਰਦੀ ਦਾ ਅੰਗ ਬਣਾਇਆ ਗਿਆ ਸੀ। ਨਿਊਜ਼ੀਲੈਂਡ 'ਚ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਪੁਲਿਸ ਅਫਸਰਾਂ ਦੀਆਂ ਧਾਰਮਿਕ ਪ੍ਰੰਪਰਾਵਾਂ ਦਾ ਬਹੁਤ ਖ਼ਿਆਲ ਰੱਖਿਆ ਜਾਂਦਾ ਹੈ।

Posted By: Susheel Khanna