ਵੈਲਿੰਗਟਨ: ਕ੍ਰਿਸ ਹਿਪਕਿਨਜ਼ ਲੇਬਰ ਪਾਰਟੀ ਦੀ ਅਗਵਾਈ ਕਰਨ ਲਈ ਇਕੱਲੇ ਉਮੀਦਵਾਰ ਵਜੋਂ ਉਭਰਨ ਤੋਂ ਬਾਅਦ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਜੈਸਿੰਡਾ ਆਰਡਰਨ ਦੀ ਥਾਂ ਲੈਣ ਲਈ ਤਿਆਰ ਹਨ। ਲੇਬਰ ਪਾਰਟੀ ਨੇ ਸ਼ਨੀਵਾਰ ਨੂੰ ਕਿਹਾ ਕਿ ਕ੍ਰਿਸ ਹਿਪਕਿੰਸ ਨੂੰ ਐਤਵਾਰ ਨੂੰ ਲੇਬਰ ਪਾਰਟੀ ਦੇ 64 ਸੰਸਦ ਮੈਂਬਰਾਂ, ਜਾਂ ਕਾਕਸ ਦੀ ਮੀਟਿੰਗ ਵਿੱਚ ਨਵੇਂ ਨੇਤਾ ਵਜੋਂ ਪੁਸ਼ਟੀ ਕੀਤੇ ਜਾਣ ਦੀ ਉਮੀਦ ਹੈ।ਵੀਰਵਾਰ ਨੂੰ ਸਭ ਨੂੰ ਹੈਰਾਨ ਕਰਦੇ ਹੋਏ, ਆਪਣੇ ਇੱਕ ਐਲਾਨ ਵਿੱਚ, ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਵੇਗੀ ਅਤੇ ਦੁਬਾਰਾ ਚੋਣ ਨਹੀਂ ਲੜੇਗੀ।

ਕ੍ਰਿਸ ਹਿਪਕਿਨਜ਼ (44 ਸਾਲ), ਪਹਿਲੀ ਵਾਰ 2008 ਵਿੱਚ ਲੇਬਰ ਪਾਰਟੀ ਲਈ ਸੰਸਦ ਲਈ ਚੁਣੇ ਗਏ ਸਨ, ਨੂੰ ਨਵੰਬਰ 2020 ਵਿੱਚ ਕੋਵਿਡ-19 ਲਈ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਕਰੋਨਾ ਮਹਾਮਾਰੀ ਲਈ ਸਰਕਾਰ ਦੇ ਉਪਾਵਾਂ ਨੂੰ ਲਾਗੂ ਕਰਕੇ ਉਨ੍ਹਾਂ ਦਾ ਨਾਮ ਹਰ ਘਰ ਵਿੱਚ ਮਸ਼ਹੂਰ ਹੋ ਗਿਆ।ਹਿਪਕਿਨਜ਼ ਇਸ ਸਮੇਂ ਪੁਲਿਸ, ਸਿੱਖਿਆ ਅਤੇ ਲੋਕ ਸੇਵਾ ਮੰਤਰੀ ਦੇ ਨਾਲ-ਨਾਲ ਸਦਨ ਦੇ ਨੇਤਾ ਹਨ। ਸਥਾਨਕ ਮੀਡੀਆ ਸੰਗਠਨ ਸਟੱਫ ਦੁਆਰਾ ਕੀਤੇ ਗਏ ਇੱਕ ਪੋਲ ਨੇ ਦਿਖਾਇਆ ਕਿ ਕ੍ਰਿਸ ਹਿਪਕਿਨਜ਼ ਵੋਟਰਾਂ ਵਿੱਚ ਪ੍ਰਧਾਨ ਮੰਤਰੀ ਲਈ ਸਭ ਤੋਂ ਵੱਧ ਪ੍ਰਸਿੱਧ ਉਮੀਦਵਾਰ ਸਨ, ਜਿਨ੍ਹਾਂ ਵਿੱਚ ਸ਼ਾਮਲ 26% ਲੋਕਾਂ ਦੇ ਸਮਰਥਨ ਨਾਲ। ਲੇਬਰ ਸੰਸਦ ਮੈਂਬਰਾਂ ਤੋਂ ਐਤਵਾਰ ਦੁਪਹਿਰ ਨੂੰ ਇੱਕ ਮੀਟਿੰਗ ਵਿੱਚ ਹਿਪਕਿਨਜ਼ ਦੀ ਚੋਣ ਦੀ ਪੁਸ਼ਟੀ ਕਰਨ ਦੀਆਂ ਰਸਮਾਂ ਪੂਰੀਆਂ ਕਰਨ ਦੀ ਉਮੀਦ ਹੈ।

Posted By: Sandip Kaur